ਜੋਗਿੰਦਰ ਸਿੰਘ ਮਾਨ
ਮਾਨਸਾ, 8 ਅਗਸਤ
ਬਣਾਂਵਾਲਾ ਥਰਮਲ ਪਲਾਂਟ ਨੂੰ ਜਾਂਦੇ ਰੇਲਵੇ ਟਰੈਕ ’ਤੇ ਕਿਸਾਨਾਂ ਦੇ ਖੇਤਾਂ ਲਈ ਰਸਤਾ ਅਤੇ ਪੁਲੀ ਦਾ ਮਾਮਲਾ ਅੱਜ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਅਤੇ ਪੰਜਾਬ ਪੁਲੀਸ ਦੇ ਅਧਿਕਾਰੀਆਂ ਤੋਂ ਕਈ ਮੀਟਿੰਗਾਂ ਹੋਣ ਦੇ ਬਾਵਜੂਦ ਸੁਲਝ ਨਾ ਸਕਿਆ। ਇਸ ਕਾਰਨ ਕਿਸਾਨ ਜਥੇਬੰਦੀ ਨੇ 10 ਅਗਸਤ ਨੂੰ ਬਣਾਂਵਾਲਾ ਤਾਪਘਰ ਦੇ ਮੁੱਖ ਗੇਟ ਅੱਗੇ ਧਰਨਾ ਦੇਣ ਦਾ ਐਲਾਨ ਕੀਤਾ ਹੈ। ਕਈ ਦਿਨਾਂ ਤੋਂ ਉਲਝੇ ਹੋਏ ਇਸ ਮਸਲੇ ਵਿੱਚ ਇੱਕ ਧਿਰ ਨੇ ਦੂਜਿਆਂ ਨੂੰ ਖਾਲ ਦੇਣਾ ਹੈ ਅਤੇ ਇਸ ਸਮਝੌਤੇ ਵਜੋਂ ਦੂਜੀ ਧਿਰ ਨੇ ਰਾਹ ਦੇਣਾ ਹੈ, ਪਰ ਦੋਹੇ ਧਿਰਾਂ ਪੁਲੀਸ ਅਧਿਕਾਰੀਆਂ ਅਤੇ ਕਿਸਾਨ ਜਥੇਬੰਦੀ ਦੀਆਂ ਅਪੀਲਾਂ-ਦਲੀਲਾਂ ਸੁਣਨ ਦੇ ਬਾਵਜੂਦ ਸਹਿਮਤ ਨਹੀਂ ਹੋਈਆਂ। ਇਸ ਤੋਂ ਬਾਅਦ ਧਰਨਾ ਦੇਣ ਦਾ ਜਥੇਬੰਦੀ ਵੱਲੋਂ ਫੈਸਲਾ ਲਿਆ ਗਿਆ।
ਇਸ ਤੋਂ ਪਹਿਲਾਂ ਬੀਤੀ ਕੱਲ੍ਹ ਮਾਨਸਾ ਦੇ ਐੱਸਐੱਸਪੀ ਭਾਗੀਰਥ ਸਿੰਘ ਮੀਨਾ ਨੇ ਕਿਸਾਨ ਯੂਨੀਅਨ ਦੇ ਆਗੂ ਰੁਲਦੂ ਸਿੰਘ ਨਾਲ ਮੀਟਿੰਗ ਕਰਨ ਤੋਂ ਬਾਅਦ ਮਸਲੇ ਦੇ ਹੱਲ ਲਈ ਦੋਹਾਂ ਧਿਰਾਂ ਨੂੰ ਗੱਲਬਾਤ ਰਾਹੀਂ ਉਲਝੇ ਮਸਲੇ ਦਾ ਹੱਲ ਕਰਨ ਲਈ ਕਿਹਾ ਸੀ। ਅੱਜ ਕਿਸਾਨ ਆਗੂ ਵੱਲੋਂ ਦੋਹਾਂ ਧਿਰਾਂ ਨੂੰ ਬੁਲਾ ਕੇ ਸਮਝੌਤੇ ਲਈ ਪ੍ਰੇਰਿਆ ਗਿਆ, ਜਿਸ ਵਿੱਚ ਇੱਕ ਧਿਰ ਨੇ ਖਾਲ ਨਾ ਦੇਣ ਅਤੇ ਦੂਜੀ ਧਿਰ ਨੇ ਰਾਹ ਨਾ ਦੇਣ ਦੀ ਅੜੀ ਰੱਖੀ। ਕਿਸਾਨ ਆਗੂ ਰੁਲਦੂ ਸਿੰਘ ਨੇ ਦੱਸਿਆ ਕਿ ਬੇਸ਼ੱਕ ਰਾਹ ਨਾ ਮਿਲਣ ਕਰਕੇ ਇੱਕ ਕਿਸਾਨ ਦੀ ਡੇਢ ਏਕੜ ਮੱਕੀ ਖੇਤ ਵਿੱਚ ਖੜ੍ਹੀ ਹੈ ਅਤੇ ਉਸ ਨੇ ਮੱਕੀ ਵੱਢ ਕੇ ਬਾਸਮਤੀ ਬੀਜਣੀ ਹੈ, ਜਦੋਂ ਕਿ ਦੂਜੀ ਧਿਰ ਪੁਲੀ ਬਣਾਉਣ ਦੀ ਮੰਗ ’ਤੇ ਅੜੀ ਹੋਈ ਹੈ। ਉਨ੍ਹਾਂ ਕਿਹਾ ਕਿ ਰਾਹ ਕਿਸਾਨਾਂ ਨੇ ਦੇਣਾ ਹੈ ਅਤੇ ਪੁਲੀ ਨੂੰ ਰੇਲਵੇ ਵਿਭਾਗ ਰਾਹੀਂ ਬਣਾਂਵਾਲਾ ਤਾਪਘਰ ਵਾਲਿਆਂ ਨੇ ਬਣਾਉਣੀ ਹੈ। ਪੁਲੀ ਬਣਾਉਣ ਲਈ ਮਾਨਸਾ ਦੇ ਐਸਡੀਐਮ ਨੂੰ ਕਿਹਾ ਗਿਆ ਹੈ, ਜਿਨ੍ਹਾਂ ਕੱਲ੍ਹ ਤੱਕ ਦਾ ਸਮਾਂ ਲੈ ਕੇ ਤਾਪਘਰ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਨੀ ਹੈ। ਉਨ੍ਹਾਂ ਦੱਸਿਆ ਕਿ ਜੇ ਮਸਲੇ ਦਾ ਹੱਲ ਕੱਲ੍ਹ ਨਾ ਹੋਇਆ ਤਾਂ 10 ਅਗਸਤ ਨੂੰ ਬਣਾਂਵਾਲਾ ਤਾਪਘਰ ਦੇ ਮੁੱਖ ਗੇਟ ਅੱਗੇ ਧਰਨਾ ਲਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਜੇ ਤਾਪਘਰ ਦੇ ਪ੍ਰਬੰਧਕ ਰੇਲਵੇ ਟਰੈਕ ਹੇਠੋਂ ਦੀ ਕਿਸਾਨ ਦੇ ਖੇਤਾਂ ਨੂੰ ਪਾਣੀ ਜਾਣ ਲਈ ਪੁਲੀ ਬਣਾ ਦਿੰਦੇ ਹਨ ਤਾਂ ਇਹ ਉਲਝਿਆ ਮਸਲਾ ਸੁਲਝ ਸਕਦਾ ਹੈ।