ਸੰਜੀਵ ਹਾਂਡਾ
ਫ਼ਿਰੋਜ਼ਪੁਰ, 17 ਮਾਰਚ
ਗੁਰੂਹਰਸਹਾਏ ਦੇ ਪਿੰਡ ਸਰੂਪ ਸਿੰਘ ਵਾਲਾ ਵਿਚ ਅੱਜ ਗਰੀਬਾਂ ਵਾਸਤੇ ਪਹੁੰਚੀ ਸਰਕਾਰੀ ਕਣਕ ਨੂੰ ਲੈ ਕੇ ਭਾਰੀ ਹੰਗਾਮਾ ਹੋਇਆ। ਕਣਕ ਦੀ ਕੁਆਲਟੀ ਬੇਹੱਦ ਖ਼ਰਾਬ ਹੋਣ ਕਰਕੇ ਲੋਕ ਗੁੱਸੇ ਵਿਚ ਆ ਗਏ ਤੇ ਵਿਭਾਗ ਦੇ ਖ਼ਿਲਾਫ਼ ਨਾਅਰੇਬਾਜ਼ੀ ਕਰਨ ਲੱਗੇ। ਹਾਲਾਤ ਵਿਗੜਦੇ ਵੇਖ ਡਿਪੂ ਹੋਲਡਰ ਉਥੋਂ ਖਿਸਕ ਗਿਆ ਤੇ ਸ਼ਾਮ ਤੱਕ ਵਾਪਸ ਨਾ ਬਹੁੜਿਆ। ਪਿੰਡ ਵਾਸੀਆਂ ਵੱਲੋਂ ਫੂਡ ਸਪਲਾਈ ਇੰਸਪੈਕਟਰ ਨੂੰ ਫ਼ੋਨ ਕਰਕੇ ਮੌਕੇ ’ਤੇ ਸੱਦਿਆ ਗਿਆ ਪਰ ਉਹ ਵੀ ਨਾ ਪਹੁੰਚਿਆ। ਟਰਾਲੀ ਵਿਚ ਢਾਈ ਸੌ ਗੱਟੇ ਕਣਕ ਲੱਦੀ ਹੋਈ ਸੀ। ਪਿੰਡ ਵਾਸੀਆਂ ਨੇ ਇਨ੍ਹਾਂ ਗੱਟਿਆਂ ਵਿਚ ਘੱਟ ਕਣਕ ਭਰੀ ਹੋਣ ਦਾ ਇਲਜ਼ਾਮ ਵੀ ਲਾਇਆ।
ਜਾਣਕਾਰੀ ਦਿੰਦਿਆਂ ਪਿੰਡ ਵਾਸੀ ਗੋਵਿੰਦਾ ਅਤੇ ਧਰਮਿੰਦਰ ਨੇ ਦੱਸਿਆ ਕਿ ਗੁਰੂਹਰਸਹਾਏ ਦਾ ਡਿਪੂ ਹੋਲਡਰ ਅਕਸਰ ਹੀ ਸਰਕਾਰੀ ਕਣਕ ਦੀ ਵੰਡ ਵੇਲੇ ਲੋਕਾਂ ਨੂੰ ਪ੍ਰੇਸ਼ਾਨ ਕਰਦਾ ਹੈ। ਅੱਜ ਆਈ ਸਰਕਾਰੀ ਕਣਕ ਦੀਆਂ ਪਰਚੀਆਂ ਵੋਟਾਂ ਤੋਂ ਪਹਿਲਾਂ ਕੱਟੀਆਂ ਗਈਆਂ ਸਨ ਪਰ ਡਿਪੂ ਹੋਲਡਰ ਨੇ ਕਣਕ ਦੀਆਂ ਭਰੀਆਂ ਦੋ ਟਰਾਲੀਆਂ ਅੱਜ ਭੇਜੀਆਂ ਸਨ। ਪਹਿਲੀ ਟਰਾਲੀ ਜਦੋਂ ਵੰਡੀ ਗਈ ਤਾਂ ਲੋਕਾਂ ਨੂੰ ਪਤਾ ਲੱਗਾ ਕਿ ਕਣਕ ਦਾ ਗੱਟਾ ਤੋਲ ਵਿੱਚ ਵੀ ਪੂਰਾ ਨਹੀਂ ਸੀ ਤੇ ਉਸ ਵਿਚਲੀ ਕਣਕ ਦੀ ਕੁਆਲਟੀ ਵੀ ਬੇਹੱਦ ਖਰਾਬ ਸੀ। ਪਿੰਡ ਵਾਸੀਆਂ ਦੇ ਦੱਸਣ ਮੁਤਾਬਿਕ ਕਣਕ ਕਾਲੀ ਹੋ ਚੁੱਕੀ ਸੀ ਜਿਸ ਨੂੰ ਖਾਣ ਤੋਂ ਬਾਅਦ ਲੋਕਾਂ ਦੇ ਬਿਮਾਰ ਹੋਣ ਦਾ ਖਤਰਾ ਪੈਦਾ ਹੋ ਗਿਆ ਸੀ। ਲੋਕ ਇਨ੍ਹਾਂ ਗੱਟਿਆਂ ਵਿਚ ਤਿੰਨ ਤੋਂ ਪੰਜ ਕਿਲੋ ਕਣਕ ਘੱਟ ਹੋਣ ਦਾ ਦੋਸ਼ ਵੀ ਲਾ ਰਹੇ ਸਨ। ਪਿੰਡ ਵਾਲਿਆਂ ਨੇ ਇਸ ਦੀ ਵਿਡੀਓ ਬਣਾ ਕੇ ਸੋਸ਼ਲ ਮੀਡੀਆ ’ਤੇ ਵਾਇਰਲ ਕਰ ਦਿੱਤੀ।
ਡਿਪੂ ਹੋਲਡਰ ਜਦੋਂ ਦੂਜੀ ਟਰਾਲੀ ਵੰਡਣ ਲੱਗਾ ਤਾਂ ਮਾੜੀ ਕਣਕ ਹੋਣ ਦਾ ਰੌਲਾ ਪੈ ਗਿਆ। ਲੋਕਾਂ ਨੇ ਟਰਾਲੀ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਤੇ ਮਹਿਕਮੇ ਦੇ ਇੰਸਪੈਕਟਰ ਨੂੰ ਸੰਪਰਕ ਕਰਨ ਲੱਗੇ। ਇਸ ਦੌਰਾਨ ਇੱਕ ਧੜਾ ਡਿਪੂ ਹੋਲਡਰ ਦੇ ਪੱਖ ਵਿਚ ਖੜ੍ਹਾ ਹੋ ਗਿਆ। ਕੁਝ ਚਿਰ ਮਗਰੋਂ ਦੋਵੇਂ ਧੜੇ ਗੁੱਥਮ-ਗੁੱਥਾ ਹੋ ਗਏ। ਮਾਮਲਾ ਭਖਦਾ ਵੇਖ ਡਿਪੂ ਹੋਲਡਰ ਉਥੋਂ ਖਿਸਕ ਗਿਆ। ਕੁਝ ਮੋਹਤਬਰਾਂ ਦੇ ਸਮਝਾਉਣ ਮਗਰੋਂ ਮਾਮਲਾ ਸ਼ਾਂਤ ਹੋ ਗਿਆ। ਪਹਿਲੀ ਟਰਾਲੀ ਵਿਚੋਂ ਲਾਹ ਕੇ ਵੰਡੀ ਕਣਕ ਵੀ ਲੋਕ ਵਾਪਸ ਲਿਆਉਣ ਲੱਗ ਪਏ। ਪਿੰਡ ਵਾਲਿਆਂ ਵੱਲੋਂ ਸੰਪਰਕ ਕਰਨ ’ਤੇ ਡਿਪੂ ਹੋਲਡਰ ਨੇ ਭਲਕੇ ਨਵੀਂ ਕਣਕ ਵੰਡਣ ਦਾ ਭਰੋਸਾ ਦਿੱਤਾ ਜਿਸ ਮਗਰੋਂ ਉਸ ਦੀ ਦੂਜੀ ਟਰਾਲੀ ਛੱਡ ਦਿੱਤੀ ਗਈ।