ਰਾਜਿੰਦਰ ਕੁਮਾਰ
ਬੱਲੂਆਣਾ (ਅਬੋਹਰ), 8 ਜੂਨ
ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਜਾਰੀ ਹੁਕਮਾਂ ਨੂੰ ਟਿੱਚ ਸਮਝਦਿਆਂ ਇੱਕ ਨਿੱਜੀ ਹਸਪਤਾਲ ਨੇ ਅਬੋਹਰ ਵਿੱਚ ਨੌਂ ਸੌ ਰੁਪਏ ਪ੍ਰਤੀ ਟੀਕੇ ਦੀ ਵਸੂਲੀ ਕੀਤੀ। ਬਠਿੰਡਾ ਦੇ ਮੈਕਸ ਹਸਪਤਾਲ ਵੱਲੋਂ ਸਥਾਨਕ ਅਰੋੜਵੰਸ਼ ਧਰਮਸ਼ਾਲਾ ਦਾ ਏਸੀ ਹਾਲ ਤਿੰਨ ਦਿਨਾਂ ਲਈ ਦਸ ਹਜ਼ਾਰ ਰੁਪਏ ਰੋਜ਼ਾਨਾ ਦੇ ਕਿਰਾਏ ’ਤੇ ਲਿਆ ਹੋਇਆ ਹੈ। ਦੂਜੇ ਪਾਸੇ ਅਬੋਹਰ ਦੇ ਸਰਕਾਰੀ ਹਸਪਤਾਲ ਵਿੱਚ ਸਟਾਕ ਖਤਮ ਹੋਣ ਦੀ ਗੱਲ ਕਹਿ ਕੇ ਅੱਜ ਵੈਕਸੀਨੇਸ਼ਨ ਬੰਦ ਕਰ ਦਿੱਤੀ ਗਈ ਜਦ ਕਿ ਪ੍ਰਾਈਵੇਟ ਹਸਪਤਾਲ ਵੱਲੋਂ ਲਗਾਏ ਗਏ ਕੈਂਪ ਵਿੱਚ ਲੋਕਾਂ ਨੇ ਨੌੰ ਸੌ ਰੁਪਏ ਦਾ ਭੁਗਤਾਨ ਕਰਕੇ ਵੈਕਸੀਨੇਸ਼ਨ ਕਰਵਾਈ।
ਅਰੋੜਵੰਸ਼ ਧਰਮਸ਼ਾਲਾ ਵਿੱਚ 900 ਰੁਪਏ ਵਸੂਲ ਕੇ ਟੀਕਾ ਲਾਉਣ ਦੀ ਸੂਚਨਾ ਮਿਲਣ ਤੋਂ ਬਾਅਦ ਅਬੋਹਰ ਦੀ ਨਿੱਜੀ ਖੇਤਰ ਦੀ ਐੱਨਜੀਓ ‘ਮੇਰਾ ਅਬੋਹਰ ਫ੍ਰੀ ਲੀਗਲ ਸਰਵਿਸ’ ਦੇ ਆਗੂ ਐਡਵੋਕੇਟ ਅਮਿਤ ਅਸੀਜਾ ਬਾਵਾ ਅਤੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਦੀਪ ਕੰਬੋਜ ਨੇ ਮੌਕੇ ’ਤੇ ਪਹੁੰਚ ਕੇ ਕਰੋਨਾ ਵੈਕਸੀਨ ਲਈ ਕੀਤੀ ਜਾ ਰਹੀ ਵਸੂਲੀ ਦਾ ਵਿਰੋਧ ਕੀਤਾ ਅਤੇ ਨਾਲ ਹੀ ਘਟਨਾ ਵਾਲੀ ਥਾਂ ਤੋਂ ਅਬੋਹਰ ਦੇ ਸਰਕਾਰੀ ਹਸਪਤਾਲ ਦੇ ਮੁਖੀ ਡਾ. ਗਗਨਜੀਤ ਨੂੰ ਫੋਨ ਕਰਕੇ ਇਸ ਬਾਬਤ ਦਿੱਤੀ ਤੇ ਪ੍ਰਵਾਨਗੀ ਬਾਰੇ ਜਾਣਨਾ ਚਾਹਿਆ। ਸਰਕਾਰੀ ਹਸਪਤਾਲ ਦੇ ਮੁਖੀ ਨੇ ਅਬੋਹਰ ਵਿੱਚ ਕਰੋਨਾ ਵੈਕਸੀਨ ਲਈ ਕਿਸੇ ਵੀ ਕੈਂਪ ਦੀ ਪ੍ਰਵਾਨਗੀ ਨਾ ਦਿੱਤੇ ਜਾਣ ਦੀ ਗੱਲ ਕਹਿਣ ਤੋਂ ਬਾਅਦ ਇਹ ਮਾਮਲਾ ਹੋਰ ਤੂਲ ਫੜ ਗਿਆ।
ਇਸੇ ਦੌਰਾਨ ਵੈਕਸੀਨ ਦੇਣ ਲਈ ਆਏ ਬਠਿੰਡਾ ਦੇ ਨਿੱਜੀ ਹਸਪਤਾਲ ਦੇ ਡਾਕਟਰ ਅਤੇ ਸਟਾਫ ਨੇ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਵੱਲੋਂ ਜਾਰੀ ਆਗਿਆ ਪੱਤਰ ਦਿਖਾ ਕੇ ਤਿੰਨ ਦਿਨ ਲਗਾਤਾਰ ਕੈਂਪ ਜਾਰੀ ਰੱਖਣ ਦੀ ਗੱਲ ਕਹੀ। ਆਗੂਆਂ ਨੇ ਕੈਂਪ ਸਬੰਧੀ ਦਿੱਤੀ ਪ੍ਰਵਾਨਗੀ ਦੀ ਉੱਚ ਪੱਧਰੀ ਜਾਂਚ ਦੀ ਵੀ ਮੰਗ ਕੀਤੀ। ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਦੀਪਕ ਕੰਬੋਜ ਅਤੇ ਐੱਨਜੀਓ ਦੇ ਆਗੂ ਐਡਵੋਕੇਟ ਅਮਿਤ ਅਸੀਜਾ ਬਾਵਾ ਨੇ ਕਿਹਾ ਕਿ ਅਬੋਹਰ ਵਿੱਚ ਪੇਂਡੂ ਵੈਕਸੀਨੇਸ਼ਨ ਕੈਂਪ ਕਿਸੇ ਵੀ ਸੂਰਤ ਵਿੱਚ ਜਾਰੀ ਨਹੀਂ ਰਹਿਣ ਦਿੱਤਾ ਜਾਵੇਗਾ।