ਰਮਨਦੀਪ ਸਿੰਘ
ਚਾਉਕੇ, 18 ਜੁਲਾਈ
ਆਰਥਿਕ ਮੰਦਹਾਲੀ ਦੇ ਦੌਰ ਵਿੱਚੋਂ ਗੁਜ਼ਰ ਰਹੇ ਲੋਕਾਂ ਲਈ ਪੇਟ ਭਰਨਾ ਵੀ ਮੁਸ਼ਕਲ ਹੋ ਗਿਆ ਹੈ। ਹਰ ਰੋਜ਼ ਸਬਜ਼ੀਆਂ ਦੀਆਂ ਕੀਮਤਾਂ ਵਿੱਚ ਵਾਧਾ ਹੋ ਰਿਹਾ ਹੈ। ਜਾਣਕਾਰੀ ਅਨੁਸਾਰ ਜੋ ਸਬਜ਼ੀ ਪਹਿਲਾਂ 20 ਪ੍ਰਤੀ ਕਿਲੋ ਤੱਕ ਵਿਕ ਰਹੀ ਸੀ, ਹੁਣ ਉਸ ਦੀ ਕੀਮਤ ਬਾਜ਼ਾਰ ਵਿੱਚ 80 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਚੁੱਕੀ ਹੈ।
ਬਾਜ਼ਾਰ ਵਿੱਚ 10 ਰੁਪਏ ਕਿਲੋ ਵਿਕਣ ਵਾਲੇ ਖੀਰੇ ਦੀ ਕੀਮਤ ਹੁਣ 30 ਰੁਪਏ ਪ੍ਰਤੀ ਕਿਲੋ ਹੋ ਗਈ ਹੈ। ਜੋ ਕੱਦੂ 10 ਰੁਪਏ ਸਨ, ਹੁਣ 50 ਰੁਪਏ ਪ੍ਰਤੀ ਕਿਲੋ ਵਿਕ ਰਹੇ ਹਨ, ਬੈਂਗਣ 20 ਰੁਪਏ ਤੋਂ 40 ਰੁਪਏ ਪ੍ਰਤੀ ਕਿਲੋ, ਗੋਭੀ 30 ਰੁਪਏ ਤੋਂ 60 ਰੁਪਏ ਪ੍ਰਤੀ ਕਿਲੋ, ਚੋਲ਼ੇ ਦੀਆਂ ਫਲੀਆਂ 30 ਰੁਪਏ ਤੋਂ 50 ਪ੍ਰਤੀ ਕਿਲੋ, ਭਿੰਡੀ 20 ਰੁਪਏ ਤੋਂ 50 ਰੁਪਏ ਪ੍ਰਤੀ ਕਿਲੋ, ਪੇਠਾ 5 ਰੁਪਏ ਤੋਂ 20 ਰੁਪਏ ਪ੍ਰਤੀ ਕਿਲੋ, ਤੋਰੀ 20 ਤੋਂ 60 ਰੁਪਏ ਪ੍ਰਤੀ ਕਿਲੋ, ਸ਼ਿਮਲਾ ਮਿਰਚ 30 ਤੋਂ 50 ਰੁਪਏ ਪ੍ਰਤੀ ਕਿਲੋ, ਚਿੱਬੜ 30 ਤੋਂ 50 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਰਹੇ ਹਨ। ਮੱਧਵਰਗੀ ਪਰਿਵਾਰਾਂ ਦੀ ਪਹੁੰਚ ਤੋਂ ਦੂਰ ਹੋਈ ਸਬਜ਼ੀ ਕਾਰਨ ਬਹੁਤੇ ਪਰਿਵਾਰ ਤਾਂ ਆਪਣਾ ਗੁਜ਼ਾਰਾ ਚਟਣੀ ਨਾਲ ਰੋਟੀ ਖਾ ਕੇ ਕਰ ਰਹੇ ਹਨ। ਵਰਣਨਯੋਗ ਹੈ ਕਿ ਝੋਨੇ ਦੀ ਲਵਾਈ ਦਾ ਸਮਾਂ ਹੋਣ ਕਾਰਨ ਕਿਸਾਨਾਂ ਵੱਲੋਂ ਸਬਜ਼ੀਆਂ ਨੂੰ ਪੁੱਟ ਕੇ ਝੋਨਾ ਲਾਇਆ ਜਾ ਰਿਹਾ ਹੈ ਜਿਸ ਕਾਰਨ ਸਬਜ਼ੀਆਂ ਦੇ ਉਤਪਾਦਨ ਵਿੱਚ ਕਮੀ ਆ ਰਹੀ ਹੈ।
ਪਿੰਡ ਮੰਡੀ ਕਲਾਂ ਦੇ ਮਜ਼ਦੂਰ ਬੂਟਾ ਸਿੰਘ ਨੇ ਕਿਹਾ ਕਿ 300 ਰੁਪਏ ਦੀ ਦਿਹਾੜੀ ਕਰਨ ਵਾਲਾ ਮਜ਼ਦੂਰ 80 ਰੁਪਏ ਕਿਲੋ ਵਾਲੀ ਸਬਜ਼ੀ ਕਿਵੇਂ ਖਰੀਦ ਸਕਦਾ ਹੈ। ਹਰੀਆਂ ਸਬਜ਼ੀਆਂ ਦੀ ਦੁਕਾਨ ਕਰਦੇ ਬਿੱਕੀ ਸਿੰਘ ਨੇ ਕਿਹਾ ਕਿ ਸਬਜ਼ੀ ਮਹਿੰਗੀ ਹੋਣ ਕਾਰਨ ਸਬਜ਼ੀਆਂ ਦੀ ਸੇਲ ਪਹਿਲਾਂ ਨਾਲੋਂ 50 ਪ੍ਰਤੀਸ਼ਤ ਘਟ ਗਈ ਹੈ।
ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ ਨੇ ਕਿਹਾ ਕਿ ਮਹਿੰਗਾਈ ਨੇ ਤਾਂ ਪਹਿਲਾਂ ਹੀ ਮਜ਼ਦੂਰਾ ਦਾ ਕਚੂੰਮਰ ਕੱਢਿਆ ਪਿਆ ਹੈ। ਮਜ਼ਦੂਰ ਤਾਂ ਜਦੋਂ ਕੁਦਰਤ ਮਿਹਰਬਾਨ ਹੁੰਦੀ ਹੈ ਤਾਂ ਚਿੱਬੜ ਆਦਿ ਇਕੱਠੇ ਕਰ ਕਿ ਸਾਲ ਭਰ ਉਸ ਦੀ ਚਟਣੀ ਨਾਲ ਹੀ ਆਪਣਾ ਗੁਜ਼ਾਰਾ ਚਲਾਉਂਦੇ ਹਨ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਪੌਸ਼ਟਿਕ ਆਹਾਰ ਵਾਲੀਆਂ ਵਸਤੂਆਂ ਸਸਤੇ ਭਾਅ ’ਤੇ ਮੁਹੱਈਆ ਕਰਵਾਈਆਂ ਜਾਣ।