ਨਿੱਜੀ ਪੱਤਰ ਪ੍ਰੇਰਕ
ਰਾਮਪੁਰਾ ਫੂਲ, 23 ਸਤੰਬਰ
ਵੈਟਰਨਰੀ ਇੰਸਪੈਕਟਰ ਐਸੋਸੀਏਸ਼ਨ ਪੰਜਾਬ ਵੱਲੋਂ ਸਮੂਹ ਜ਼ਿਲ੍ਹਾ ਡਿਪਟੀ ਡਾਇਰੈਕਟਰਾਂ ਦਫ਼ਤਰਾਂ ਅੱਗੇ ਵਿਭਾਗ ਦੇ ਉੱਚ ਅਧਿਕਾਰੀਆਂ ਦੇ ਤਾਨਾਸ਼ਾਹੀ ਰਵੱਈਏ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰਧਾਨ ਰੁਪਿੰਦਰ ਸ਼ਰਮਾ, ਜਨਰਲ ਸਕੱਤਰ ਹਰਪ੍ਰੀਤ ਸਿੰਘ ਕੁੱਤੀਵਾਲ ਅਤੇ ਪ੍ਰੈੱਸ ਸਕੱਤਰ ਅਵਤਾਰ ਸਿੰਘ ਪੱਪੂ ਢਿਪਾਲੀ ਨੇ ਦੱਸਿਆ ਕਿ ਉੱਚ ਅਧਿਕਾਰੀਆਂ ਵੱਲੋਂ ਲੰਮੇ ਸਮੇਂ ਤੋ ਵੈਟਰਨਰੀ ਇੰਸਪੈਕਟਰਾਂ ਖ਼ਿਲਾਫ਼ ਤਾਨਾਸ਼ਾਹੀ ਰਵੱਈਆ ਅਪਣਾਇਆ ਹੋਇਆ ਹੈ ਕਿਉਂਕਿ ਉਨ੍ਹਾਂ ਨੂੰ ਜ਼ਬਰਦਸਤੀ ਜ਼ਿਲ੍ਹਾ ਪ੍ਰੀਸ਼ਦ ਸੰਸਥਾਵਾਂ ਦਾ ਕੰਮ ਕਰਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਜਦਕਿ ਉਨ੍ਹਾਂ ਸੰਸਥਾਵਾਂ ਵਿੱਚ ਪਹਿਲਾਂ ਤੋਂ ਹੀ ਸਟਾਫ਼ ਪੂਰਾ ਹੈ। ਇਸ ਮੌਕੇ ਸੂਬਾ ਕਮੇਟੀ ਮੈਂਬਰ ਗੁਰਜੀਤ ਸਿੰਘ ਪੂਹਲੀ ਨੇ ਕਿਹਾ ਕਿ ਜ਼ਿਲ੍ਹਾ ਪ੍ਰੀਸ਼ਦ ਹਸਪਤਾਲਾਂ ਵਿੱਚ ਕੰਮ ਕਰ ਰਹੇ 582 ਵੈਟਰਨਰੀ ਇੰਸਪੈਕਟਰਾਂ ਨੂੰ ਵਾਪਸ ਪਸੂ ਪਾਲਣ ਵਿਭਾਗ ਵਿੱਚ ਤਬਦੀਲ ਕੀਤਾ ਜਾਵੇ ਅਤੇ ਤਨਖਾਹ ਸਕੇਲਾਂ ਵਿੱਚ ਤਰੁੱਟੀਆਂ ਨੂੰ ਦੂਰ ਕਰ ਕੇ ਨਵੀਂ ਭਰਤੀ ਵਿਚ ਸਿਰਫ਼ ਪੰਜਾਬ ਦੇ ਨੌਜਵਾਨਾਂ ਨੂੰ ਹੀ ਰੁਜ਼ਗਾਰ ਦਾ ਮੌਕਾ ਦਿੱਤਾ ਜਾਵੇ। ਇਸ ਮੌਕੇ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਵੱਲੋਂ ਜਾਰੀ ਕੀਤੇ ਪੱਤਰ ਦੀਆਂ ਕਾਪੀਆਂ ਵੀ ਸਾੜੀਆਂ ਗਈਆਂ। ਇਸ ਧਰਨੇ ਪ੍ਰਦਰਸ਼ਨ ਵਿੱਚ ਵਿੱਤ ਸਕੱਤਰ ਬਲਵਿੰਦਰ ਸਿੰਘ ਘੁੰਮਣ ਜਥੇਬੰਦਕ ਸਕੱਤਰ ਹਰਦੀਪ ਸਿੰਘ ਗਿਆਨਾ, ਮਨਿੰਦਰ ਸਿੰਘ ਤਿਉਣਾ, ਹਰਪ੍ਰੀਤ ਸਰਾਂ, ਹਰਪ੍ਰੀਤ ਸਿੱਧੂ, ਗੁਰਪ੍ਰੀਤ ਸਿੰਘ, ਕੁਲਦੀਪ ਸਿੰਘ , ਸਹਿਜਦੀਪ ਸਿੰਘ ਅਤੇ ਵਿਭਾਗ ਦੇ ਰਿਟਾਇਰਡ ਸਾਥੀ ਹਾਜ਼ਰ ਸਨ।