ਜਸਵੰਤ ਜੱਸ
ਫਰੀਦਕੋਟ, 10 ਜੂਨ
ਸਕੂਲ ਸਿੱਖਿਆ ਵਿੱਚ ਭਾਰਤ ਸਰਕਾਰ ਵੱਲੋਂ ਜਾਰੀ ਤਾਜ਼ਾ ਦਰਜਾਬੰਦੀ ਅਨੁਸਾਰ ਭਾਰਤ ਵਿੱਚੋਂ ਪੰਜਾਬ ਦੇ ਪਹਿਲੇ ਸਥਾਨ ’ਤੇ ਆਉਣ ’ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਰਾਜ ਦੇ ਵੱਖ ਵੱਖ ਹਿੱਸਿਆਂ ਵਿੱਚ ਅਧਿਆਪਕਾਂ ਨੂੰ ਸੰਬੋਧਨ ਕੀਤਾ। ਇਸ ਸਬੰਧੀ ਜ਼ਿਲ੍ਹਾ ਪੱਧਰੀ ਸਮਾਗਮ ਸਥਾਨਕ ਐੱਨਆਈਸੀ ਵਿੱਚ ਹੋਇਆ ਜਿਸ ਵਿੱਚ ਡਿਪਟੀ ਕਮਿਸ਼ਨਰ ਵਿਮਲ ਕੁਮਾਰ ਸੇਤੀਆ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਮੁੱਖ ਮੰਤਰੀ ਨੇ ਆਪਣੇ ਸੰਬੋਧਨ ਵਿੱਚ ਦੱਸਿਆ ਕਿ ਪੰਜਾਬ ਨੇ ਸਾਲ 2019-20 ਲਈ ਸਕੂਲ ਸਿੱਖਿਆ ਵਿੱਚ ਦੇਸ਼ ਦੇ ਸਮੂਹ ਸੂਬਿਆਂ, ਕੇਂਦਰ ਸ਼ਾਸ਼ਤ ਪ੍ਰਦੇਸ਼ਾਂ ਵਿਚੋਂ ਪਹਿਲਾਂ ਸਥਾਨ ਹਾਸਲ ਕੀਤਾ ਹੈ। ਡੀਸੀ ਨੇ ਦੱਸਿਆ ਕਿ ਸਮਾਰਟ ਸਕੂਲ ਕੰਪੀਟੀਸ਼ਨ ਤਹਿਤ ਜ਼ਿਲ੍ਹੇ ਦੇ 4 ਸਕੂਲਾਂ ਨੂੰ ਜਿਸ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੱਖੀ ਕਲਾਂ, ਗੋਰਮਿੰਟ ਹਾਈ ਸਕੂਲ ਢੀਮਾਂਵਾਲੀ, ਸਰਕਾਰੀ ਮਿਡਲ ਸਕੂਲ ਵੀਰੇਵਾਲਾ ਅਤੇ ਸਰਕਾਰੀ ਮਿਡਲ ਸਕੂਲ ਰਣ ਸਿੰਘ ਵਾਲਾ ਸ਼ਾਮਲ ਹਨ, ਇਨ੍ਹਾਂ ਚਾਰਾਂ ਸਕੂਲਾਂ ਨੂੰ ਵਧੀਆ ਸਮਾਰਟ ਸਕੂਲ ਦਾ ਦਰਜਾ ਰਾਜ ਦੇ ਸਿੱਖਿਆ ਵਿਭਾਗ ਵੱਲੋਂ ਦਿੱਤਾ ਗਿਆ ਹੈ। ਇਸ ਮੌਕੇ ਅਧਿਆਪਕ ਜਸਬੀਰ ਸਿੰਘ ਜੱਸੀ, ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਅਜੇਪਾਲ ਸਿੰਘ ਸੰਧੂ ਹਾਜ਼ਰ ਸਨ।
ਜਲਾਲਾਬਾਦ (ਟੋਨੀ ਛਾਬੜਾ): ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਜਲਾਲਾਬਾਦ ਵਿੱਚ ਹੋਏ ਸਮਾਗਮ ਦੌਰਾਨ ਪ੍ਰਿੰਸੀਪਲ ਸੁਭਾਸ਼ ਸਿੰਘ ਦੀ ਅਗਵਾਈ ਵਿੱਚ ਅਧਿਆਪਕਾਂ ਤੇ ਪਤਵੰਤੇ ਸੱਜਣਾਂ ਨੇ ਹਿੱਸਾ ਲਿਆ। ਇਸ ਮੌਕੇ ਸਕੂਲ ਅਧਿਆਪਕ ਮੀਡੀਆ ਇੰਚਾਰਜ ਅਮਿਤ ਧਮੀਜਾ ਤੇ ਸਕੂਲ ਦਾ ਸਟਾਫ਼ ਹਾਜ਼ਰ ਸਨ।
ਮਾਨਸਾ (ਪੱਤਰ ਪ੍ਰੇਰਕ): ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੂਬੇ ਦੇ ਅਧਿਆਪਕਾਂ ਨਾਲ ਵਰਚੂਅਲ ਵਿਚਾਰ-ਵਟਾਂਦਰਾ ਕੀਤੇ ਜਾਣ ਦੌਰਾਨ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮਾਨਸਾ ਵਿੱਚ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਅਤੇ ਡਿਪਟੀ ਕਮਿਸ਼ਨਰ ਮਹਿੰਦਰ ਪਾਲ ਨੇ ਹਿੱਸਾ ਲਿਆ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਅੰਜੂ ਗੁਪਤਾ, ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਸੰਜੀਵ ਕੁਮਾਰ ਗੋਇਲ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਜਗਰੂਪ ਭਾਰਤੀ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਗੁਰਲਾਭ ਸਿੰਘ ਅਤੇ ਜ਼ਿਲ੍ਹਾ ਨੋਡਲ ਅਫ਼ਸਰ ਬਲਵਿੰਦਰ ਸਿੰਘ ਹਾਜ਼ਰ ਸਨ।
ਡੀਟੀਐਫ਼ ਵੱਲੋਂ ਸਿੱਖਿਆ ਸਕੱਤਰ ਦੇ ਅੰਕੜੇ ਫ਼ਰਜ਼ੀ ਕਰਾਰ
ਫ਼ਿਰੋਜ਼ਪੁਪਰ (ਸੰਜੀਵ ਹਾਂਡਾ): ਮੁੱਖ ਮੰਤਰੀ ਦੀ ਵੀਰਵਾਰ ਨੂੰ ਅਧਿਆਪਕਾਂ ਨਾਲ ਹੋਈ ਆਨਲਾਈਨ ਮਿਲਣੀ ਦੌਰਾਨ ਸਿੱਖਿਆ ਸਕੱਤਰ ਵੱਲੋਂ ਪੇਸ਼ ਕੀਤੇ ਗਏ ਆਂਕੜਿਆਂ ਨੂੰ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ (ਡੀਟੀਐਫ਼) ਦੇ ਆਗੂਆਂ ਨੇ ਕਥਿਤ ਫ਼ਰਜ਼ੀ ਕਰਾਰ ਦਿੱਤਾ ਹੈ। ਜਥੇਬੰਦੀ ਦੇ ਸੂਬਾ ਪ੍ਰਧਾਨ ਦਿਗਵਿਜੇ ਪਾਲ ਸ਼ਰਮਾ,ਸੂਬਾ ਸਕੱਤਰ ਸਰਵਣ ਸਿੰਘ ਔਜਲਾ,ਰਾਜਦੀਪ ਸਿੰਘ ਸਾਈਆਂਵਾਲਾ,ਬਲਰਾਮ ਸ਼ਰਮਾ ਅਤੇ ਦਵਿੰਦਰ ਪਾਲ ਮੁੱਦਕੀ ਨੇ ਅੱਜ ਕਿਹਾ ਕਿ ਸਿੱਖਿਆ ਮੰਤਰੀ ਦੀ ਅਗਵਾਈ ਵਿਚ ਕਰਵਾਏ ਗਏ ਤੈਅ ਸ਼ੁਦਾ ਰਾਜ ਪੱਧਰੀ ਇਸ ਪ੍ਰੋਗਰਾਮ ਵਿਚ ਪੇਸ਼ ਕੀਤੇ ਦਾਅਵਿਆਂ ਨੂੰ ਪਸੰਦ ਦੇ ਮੁਕਾਬਲੇ ਨਾ ਪਸੰਦ ਕਰਨ ਵਾਲਿਆਂ ਦੀ ਦੁੱਗਣੀ ਗਿਣਤੀ ਨੇ ਸਿੱਖਿਆ ਸਕੱਤਰ ਨੂੰ ਫ਼ਰਜ਼ੀ ਪ੍ਰਾਪਤੀਆਂ ਦਾ ਸ਼ੀਸ਼ਾ ਦਿਖਾਇਆ ਹੈ। ਸਿੱਖਿਆ ਸਕੱਤਰ ’ਤੇ ਤਨਜ਼ ਕੱਸਦਿਆਂ ਸੂਬਾਈ ਆਗੂਆਂ ਨੇ ਇਹ ਵੀ ਕਿਹਾ ਕਿ ਅਧਿਆਪਕ ਜਥੇਬੰਦੀਆਂ ਨੂੰ ਕਈ ਵਾਰ ਮਿਲਣ ਦਾ ਸਮਾਂ ਦੇ ਕੇ ਮੁਕਰਣ ਵਾਲੀ ਸਰਕਾਰ ਦਾ ਮੁਖੀ ਹੁਣ ਆਨਲਾਈਨ ਮਿਲਣੀਆਂ ਦੇ ਸਟੰਟ ’ਤੇ ਉਤਰ ਆਇਆ ਹੈ।