ਜਗਜੀਤ ਸਿੰਘ ਸਿੱਧੂ
ਤਲਵੰਡੀ ਸਾਬੋ, 15 ਜੁਲਾਈ
ਘੱਗਰ ਦੇ ਚਾਂਦਪੁਰਾ ਬੰਨ੍ਹ ਟੁੱਟਣ ਕਾਰਨ ਹੜ੍ਹਾਂ ਦੇ ਬਣੇ ਹਾਲਾਤ ਨੂੰ ਦੇਖਦਿਆਂ ਸਥਿਤੀ ਨਾਲ ਨਜਿੱਠਣ ਲਈ ਤਲਵੰਡੀ ਸਾਬੋ ਸਿਵਲ ਪ੍ਰਸ਼ਾਸਨ ਨੇ ਪੰਚਾਇਤ ਵਿਭਾਗ ਨੂੰ ਇਸ ਇਲਾਕੇ ਦੇ ਇੱਕ ਦਰਜਨ ਪਿੰਡਾਂ ਵਿੱਚ ਅਗੇਤੇ ਪ੍ਰਬੰਧ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ।
ਐੱਸਡੀਐੱਮ ਤਲਵੰਡੀ ਸਾਬੋ ਵੱਲੋਂ ਦਿੱਤੇ ਹੁਕਮਾਂ ਦੀ ਪਾਲਣਾ ਕਰਦਿਆਂ ਬੀਡੀਪੀਓ ਤਲਵੰਡੀ ਸਾਬੋ ਨੇ ਪੰਚਾਇਤ ਸਕੱਤਰਾਂ ਨੂੰ ਜਾਰੀ ਪੱਤਰ ਵਿੱਚ ਕਿਹਾ ਕਿ ਇਲਾਕੇ ਦੇ ਨੰਗਲਾ, ਨਥੇਹਾ, ਗੋਲੇਵਾਲਾ, ਫੱਤਾ ਬਾਲੂ, ਰਾਈਆ, ਕਲਾਲਵਾਲਾ, ਕੌਰੇਆਣਾ, ਗਹਿਲੇਵਾਲਾ, ਮਿਰਜੇਆਣਾ, ਮੈਂਨੂੰਆਣਾ, ਲਹਿਰੀ ਅਤੇ ਬਹਿਮਣ ਕੌਰ ਸਿੰਘ ਪਿੰਡਾਂ ਵਿੱਚ ਬਾਰਸ਼ ਤੇ ਹੜ੍ਹ ਕੁਦਰਤੀ ਆਫ਼ਤ ਨਾਲ ਨਜਿੱਠਣ ਲਈ ਪੁਖਤਾ ਪ੍ਰਬੰਧ ਕੀਤੇ ਜਾਣ। ਹਰ ਪਿੰਡ ਵਿੱਚ ਪਾਣੀ ਚੱਕਣ ਵਾਲੇ ਪੱਖਿਆਂ, ਟਰੈਕਟਰ ਟਰਾਲੀਆਂ ਅਤੇ ਖਾਲੀ ਗੱਟਿਆਂ ਦੇ ਇੰਤਜ਼ਾਮ ਕੀਤੇ ਜਾਣ। ਪਿੰਡਾਂ ਵਿੱਚ ਨੀਵੀਂਆਂ ਥਾਵਾਂ, ਜਿੱਥੇ ਪਾਣੀ ਭਰ ਸਕਦਾ ਹੈ, ਦਾ ਸਰਵੇ ਕੀਤਾ ਜਾਵੇ। ਪਿੰਡਾਂ ਵਿੱਚ ਸਾਂਝੀਆਂ ਥਾਵਾਂ ਜਿਵੇਂ ਧਰਮਸ਼ਾਲਾ, ਪੰਚਾਇਤ ਘਰ, ਗੁਰੂ ਘਰ, ਸਕੂਲ ਜਾਂ ਉੱਚੀਆਂ ਥਾਵਾਂ ਜਿੱਥੇ ਲੋਕਾਂ ਨੂੰ ਠਹਿਰਾਇਆ ਜਾ ਸਕੇ, ਉਸ ਦੀ ਸਫ਼ਾਈ ਕੀਤੀ ਜਾਵੇ। ਇੱਥੇ ਬਿਜਲੀ, ਪੀਣ ਵਾਲੇ ਪਾਣੀ ਅਤੇ ਪਖਾਨਿਆਂ ਦੇ ਪ੍ਰਬੰਧ ਕੀਤੇ ਜਾਣ। ਇਸ ਤੋਂ ਇਲਾਵਾ ਲੋਕਲ ਟੈਂਟ ਹਾਊਸ ਨਾਲ ਤਾਲਮੇਲ ਰੱਖਿਆ ਜਾਵੇ ਤਾਂ ਜੋ ਲੋੜ ਪੈਣ ’ਤੇ ਗੱਦੇ, ਬਿਸਤਰੇ ਅਤੇ ਹੋਰ ਲੋੜੀਂਦੇ ਪ੍ਰਬੰਧ ਕੀਤੇ ਜਾਣ। ਪੱਤਰ ਵਿੱਚ ਕਿਹਾ ਗਿਆ ਹੈ ਕਿ ਕੋਈ ਵੀ ਦਫਤਰੀ ਅਤੇ ਖੇਤਰੀ ਕਰਮਚਾਰੀ ਆਪਣਾ ਮੋਬਾਈਲ ਬੰਦ ਨਹੀਂ ਕਰੇਗਾ। ਹੜ੍ਹ ਦੀ ਸਥਿਤੀ ਨਾਲ ਨਜਿੱਠਣ ਲਈ ਸਾਰੇ ਪੁਖਤਾ ਪ੍ਰਬੰਧ ਕਰ ਕੇ ਰੱਖੇ ਜਾਣ। ਜੇ ਕੋਈ ਮੁਲਾਜ਼ਮ ਕੁਤਾਹੀ ਕਰਦਾ ਹੈ ਤਾਂ ਉਸ ਖ਼ਿਲਾਫ਼ ਅਨੁਸ਼ਾਸ਼ਨੀ ਕਾਰਵਾਈ ਕੀਤੀ ਜਾਵੇਗੀ।