ਰਾਜਿੰਦਰ ਵਰਮਾ
ਭਦੌੜ, 20 ਨਵੰਬਰ
ਨੇੜਲੇ ਪਿੰਡ ਜੰਗੀਆਣਾ ਵਿੱਚ ਕਰੀਬ 116 ਏਕੜ ’ਚ ਫੈਲੇ ਬੀੜ ਦੀ ਚਾਰਦੀਵਾਰੀ ਦੀ ਜਾਂਚ ਕਰਨ ਲਈ ਵਿਜੀਲੈਂਸ ਟੀਮ ਮੁਹਾਲੀ ਐਕਸੀਅਨ ਸੁਰੇਸ਼ ਕੁਮਾਰ ਦੀ ਅਗਵਾਈ ਹੇਠ ਪੁੱਜੀ। ਵਿਜੀਲੈਂਸ ਟੀਮ ਸਵੇਰੇ ਨੌਂ ਕੁ ਵਜੇ ਬੀੜ ਅੰਦਰ ਦਾਖ਼ਲ ਹੋ ਗਈ ਅਤੇ ਦੇਰ ਰਾਤ ਤੱਕ ਜਾਂਚ ’ਚ ਜੁਟੀ ਰਹੀ। ਵਿਜੀਲੈਂਸ ਟੀਮ ਮੁਹਾਲੀ ਦੇ ਐਕਸੀਅਨ ਸੁਰੇਸ਼ ਕੁਮਾਰ ਨੇ ਦੱਸਿਆ ਕਿ ਇਲਾਕੇ ਦੇ ਕਿਸਾਨਾਂ ਸੁਖਵਿੰਦਰ ਗਰੇਵਾਲ ਭਦੌੜ, ਗੁਰਪ੍ਰੀਤ ਸਿੰਘ ਦੀਪਗੜ੍ਹ, ਜਗਰੂਪ ਸਿੰਘ ਰਾਮਗੜ੍ਹ ਤੇ ਸੰਤੋਖ ਸਿੰਘ ਟੱਲੇਵਾਲ ਆਦਿ ਨੇ 2018 ’ਚ ਆਰਟੀਆਈ ਰਾਹੀਂ ਜਾਣਕਾਰੀ ਲੈ ਕੇ ਉਕਤ ਬੀੜ ਦੀ ਹੋਈ ਚਾਰਦੀਵਾਰੀ ਦੀ ਜਾਂਚ ਕਰਨ ਲਈ ਅਰਜ਼ੀ ਦਿੱਤੀ ਸੀ। ਉਨ੍ਹਾਂ ਮੰਗ ਕੀਤੀ ਸੀ ਕਿ ਇਹ ਚਾਰਦੀਵਾਰੀ ਜੋ ਕਰੀਬ 66 ਲੱਖ ਰੁਪਏ ਨਾਲ ਮੁਕੰਮਲ ਹੋਈ ਹੈ, ਉਸ ’ਚ ਵਣ ਰੇਂਜ ਅਫਸਰ ਵੱਲੋਂ ਕਥਿਤ ਤੌਰ ’ਤੇ ਘਪਲਾ ਕੀਤਾ ਗਿਆ ਹੈ ਜਿਸ ਦੀ ਜਾਂਚ ਕੀਤੀ ਜਾਵੇ। ਇਸ ਤਹਿਤ ਅੱਜ ਟੀਮ ਜਾਂਚ ਕਰਨ ਪੁੱਜੀ ਹੈ। ਜੇਕਰ ਜਾਂਚ ’ਚ ਕੋਈ ਦੋਸ਼ੀ ਪਾਇਆ ਗਿਆ ਤਾਂ ਉਹ ਬਖਸ਼ਿਆ ਨਹੀਂ ਜਾਵੇਗਾ ਅਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਜਾਂਚ ਟੀਮ ’ਚ ਐੱਸਡੀਓ ਅਤਿੰਦਰਪਾਲ ਸਿੰਘ, ਐੱਸਡੀਓ ਅੰਮਿ੍ਤਪਾਲ ਸਿੰਘ ਤੋਂ ਇਲਾਵਾ ਸਬੰਧਤ ਵਣ ਰੇਂਜ ਅਫ਼ਸਰ ਅਜੀਤ ਸਿੰਘ ਅਤੇ ਸ਼ਿਕਾਇਤਕਰਤਾ ਕਿਸਾਨ ਵੀ ਹਾਜ਼ਰ ਸਨ।
ਤਤਕਾਲੀ ਸਰਪੰਚ ਕਰਮਜੀਤ ਸਿੰਘ ਨੀਟਾ ਨੇ ਕਿਹਾ ਕਿ ਸ਼ਿਕਾਇਤਕਰਤਾ ਕਿਸਾਨਾਂ ਦੀ ਵਣ ਰੇਂਜ ਅਫਸਰ ਨਾਲ ਕੋਈ ਹੋਰ ਰੰਜਿਸ਼ ਚੱਲ ਰਹੀ ਹੈ ਜਿਸ ਤਹਿਤ ਇਨ੍ਹਾਂ ਨੇ ਆਰਟੀਆਈ ਪਾ ਕੇ ਜਾਂਚ ਲਗਵਾਈ ਹੈ ਪ੍ਰੰਤੂ ਇਹ ਕੰਮ ਬਿਲਕੁਲ ਸਹੀ ਹੋਇਆ ਹੈ, ਇਸ ’ਚ ਕਿਤੇ ਵੀ ਕੋਈ ਹੇਰਾਫੇਰੀ ਹੋਣ ਦੀ ਗੁੰਜਾਇਸ਼ ਨਹੀਂ ਹੈ। ਸ਼ਿਕਾਇਤਕਰਤਾ ਕਿਸਾਨ ਸੁਖਵਿੰਦਰ ਗਰੇਵਾਲ, ਜਗਰੂਪ ਸਿੰਘ ਰਾਮਗੜ੍ਹ, ਸੰਤੋਖ ਸਿੰਘ ਟੱਲੇਵਾਲ ਤੇ ਗੁਰਪ੍ਰੀਤ ਸਿੰਘ ਦੀਪਗੜ੍ਹ ਨੇ ਕਿਹਾ,‘ ਅਸੀਂ ਜਾਂਚ ਮੁਕੰਮਲ ਕਰਵਾਵਾਂਗੇ ਜੋ ਵੀ ਦੋਸ਼ੀ ਹੋਇਆ ਉਸ ਨੂੰ ਉਸ ਦੇ ਕੀਤੇ ਗਲਤ ਕੰਮਾਂ ਦੀ ਸਜ਼ਾ ਦਿਵਾ ਕੇ ਹੀ ਦਮ ਲਵਾਂਗੇ।’
ਕੀ ਕਹਿਣਾ ਹੈ ਵਣ ਰੇਂਜ ਅਫ਼ਸਰ ਅਜੀਤ ਸਿੰਘ ਦਾ
ਜ਼ਿਲ੍ਹਾ ਵਣ ਰੇਂਜ ਅਫ਼ਸਰ ਅਜੀਤ ਸਿੰਘ ਨੇ ਇਸ ਸਬੰਧੀ ਗੱਲਬਾਤ ਕਰਨ ਤੋਂ ਇਨਕਾਰ ਕਰਦਿਆਂ ਸਿਰਫ ਇੰਨਾ ਹੀ ਕਿਹਾ ਕਿ ਕੰਮ ਬਿਲਕੁਲ ਸਹੀ ਹੋਇਆ ਹੈ ਜੋ ਜਾਂਚ ’ਚ ਸਾਹਮਣੇ ਆ ਜਾਵੇਗਾ।