ਧਰਮਪਾਲ ਸਿੰਘ ਤੂਰ
ਸੰਗਤ ਮੰਡੀ, 11 ਜੂਨ
ਸੰਗਤ ਮੰਡੀ ਨੇੜਲੇ ਪਿੰਡ ਅਮਰਪੁਰਾ ਗੁਰਥੜੀ ਵਿੱਚ ਪਿੰਡ ਦੀ ਫਿਰਨੀ ’ਤੇ ਡੂੰਘਾ ਖਾਲਾ ਪੁੱਟੇ ਜਾਣ ਕਾਰਨ ਪਿੰਡ ਵਾਸੀਆਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਪਿੰਡ ਦੇ ਮੌਜੂਦਾ ਪੰਚਾਇਤ ਮੈਂਬਰ ਸੇਵਾ ਸਿੰਘ, ਯੂਥ ਕਾਂਗਰਸ ਰਾਮਾਂ ਦੇ ਬਲਾਕ ਪ੍ਰਧਾਨ ਵਕੀਲ ਸਿੰਘ ਅਤੇ ਪਿੰਡ ਵਾਸੀ ਕੌਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਸਰਕਾਰੀ ਹਾਈ ਸਕੂਲ ਨੇੜੇ ਫਿਰਨੀ ’ਤੇ ਪੈਂਦੇ ਘਰਾਂ ਅੱਗੇ ਕਰੀਬ 5-6 ਫੁੱਟ ਡੂੰਘਾ ਨਹਿਰੀ ਪਾਣੀ ਦਾ ਖ਼ਾਲਾ ਪੁੱਟ ਦਿੱਤਾ ਹੈ, ਜੋ ਪਿਛਲੇ ਤਿੰਨ ਸਾਲਾਂ ਤੋਂ ਬੰਦ ਪਿਆ ਸੀ।
ਉਨ੍ਹਾਂ ਦੱਸਿਆ ਕਿ ਇਸ ਨਾਲ ਜਿਥੇ ਉਨ੍ਹਾਂ ਦੇ ਛੋਟੇ ਬੱਚਿਆਂ ਅਤੇ ਪਸ਼ੂਆਂ ਲਈ ਖ਼ਤਰਾ ਪੈਦਾ ਹੋ ਗਿਆ ਹੈ ਉਥੇ ਮਕਾਨਾਂ ਦੇ ਬਿਲਕੁਲ ਨੇੜੇ ਹੋਣ ਕਾਰਨ ਕੰਧਾਂ ਡਿੱਗਣ ਦਾ ਵੀ ਡਰ ਹੈ। ਉਨ੍ਹਾਂ ਦੱਸਿਆ ਕਿ ਖਾਲਾ ਸਰਕਾਰੀ ਸਕੂਲ ਨੇੜੇ ਹੋਣ ਕਾਰਨ ਅਤੇ ਸਕੂਲ ਦਾ ਮੁੱਖ ਰਸਤਾ ਇੱਥੋਂ ਲੰਘਣ ਕਾਰਨ ਕਿਸੇ ਵੀ ਅਣਹੋਣੀ ਵਾਪਰ ਸਕਦੀ ਹੈ।
ਉਨ੍ਹਾਂ ਤਲਵੰਡੀ ਸਾਬੋ ਦੇ ਐੱਸਡੀਐੱਮ ਨੂੰ ਲਿਖਤੀ ਸ਼ਿਕਾਇਤ ਦੇ ਕੇ ਮੰਗ ਕੀਤੀ ਹੈ ਨਾਜਾਇਜ਼ ਰੂਪ ਵਿੱਚ ਜੇਸੀਬੀ ਮਸ਼ੀਨਾਂ ਲਗਾ ਕੇ ਡੂੰਘੇ ਪੁੱਟੇ ਗਏ ਖ਼ਾਲੇ ਨੂੰ ਤੁਰੰਤ ਬੰਦ ਕਰਵਾਇਆ ਜਾਵੇ।
ਇਸ ਮੌਕੇ ਪਿੰਡ ਵਾਸੀ ਨਛੱਤਰ ਸਿੰਘ, ਮਲਕੀਤ ਸਿੰਘ, ਬਲਜਿੰਦਰ ਸਿੰਘ, ਬਲਜੀਤ ਸਿੰਘ, ਰਾਜਾ ਸਿੰਘ, ਗਮਦੂਰ ਸਿੰਘ, ਗੁਰਪ੍ਰੀਤ ਸਿੰਘ, ਗੁਰਜੰਟ ਸਿੰਘ ਵੀਰਪਾਲ ਕੌਰ, ਮਹਿੰਦਰ ਕੌਰ ਅਤੇ ਮਨਜੀਤ ਕੌਰ ਇਸ ਰੋਸ ਪ੍ਰਦਰਸ਼ਨ ਵਿੱਚ ਸ਼ਾਮਲ ਸਨ।
ਕਿਸਾਨਾਂ ਨੇ ਖਾਲ ਦੀ ਸਫਾਈ ਕਰਵਾਈ: ਸਰਪੰਚ
ਪਿੰਡ ਦੀ ਸਰਪੰਚ ਸਤਵੀਰ ਕੌਰ ਦੇ ਪਤੀ ਰੋਸ਼ਨ ਸਿੰਘ ਨੰਬਰਦਾਰ ਨੇ ਦੱਸਿਆ ਕਿ ਮੁਰੱਬੇਬੰਦੀ ਵੇਲੇ ਤੋਂ ਇਹ ਖ਼ਾਲ ਪੱਕਾ ਨਕਸ਼ੇ ਵਿੱਚ ਦਰਜ ਹੈ ਅਤੇ ਪਿਛਲੇ ਕਈ ਸਾਲਾਂ ਤੋਂ ਸਾਂਝੇ ਖ਼ਾਲ ਦੀ ਸਫ਼ਾਈ ਨਾ ਹੋਣ ਕਾਰਨ ਇਹ ਬੰਦ ਪਿਆ ਸੀ, ਜਿਸ ਕਾਰਨ ਕਿਸਾਨਾਂ ਨੂੰ ਨੁਕਸਾਨ ਝੱਲਣਾ ਪੈ ਰਿਹਾ ਸੀ ਪਰ ਹੁਣ ਕਿਸਾਨਾਂ ਵੱਲੋਂ ਪੈਸੇ ਇਕੱਠੇ ਕਰ ਕੇ ਖ਼ਾਲ ਦੀ ਸਫ਼ਾਈ ਕਰਵਾਈ ਗਈ ਹੈ। ਉਨ੍ਹਾਂ ਕਿਹਾ ਕਿ ਕੁੱਝ ਲੋਕ ਸਰਕਾਰੀ ਖ਼ਾਲ ’ਤੇ ਕਬਜ਼ਾ ਕਰਨ ਦੀ ਨੀਅਤ ਨਾਲ ਇਸ ਦਾ ਵਿਰੋਧ ਕਰ ਰਹੇ ਹਨ।