ਪੱਤਰ ਪ੍ਰੇਰਕ
ਮਾਨਸਾ, 30 ਸਤੰਬਰ
ਇੱਥੋਂ ਦੇ ਪ੍ਰਾਈਵੇਟ ਹਸਪਤਾਲ ਦੀ ਦਵਾਈਆਂ ਦੀ ਲੰਘੀ ਮਿਆਦ ਵਾਲੀ ਤਾਰੀਖ ਨੂੰ ਮਿਟਾਉਂਦੇ ਹੋਏ ਮੁਲਾਜ਼ਮਾਂ ਦੀ ਵੀਡੀਓ ਵਾਇਰਲ ਹੋ ਗਈ। ਇਸ ਦੇ ਬਾਅਦ ਮਾਮਲੇ ਵਿੱਚ ਸੰਵਿਧਾਨ ਬਚਾਉ ਮੋਰਚਾ ਦੇ ਆਗੂ ਐਡਵੋਕੇਟ ਗੁਰਲਾਭ ਸਿੰਘ ਮਾਹਲ ਵੱਲੋਂ ਮਾਨਸਾ ਦੇ ਸਿਵਲ ਸਰਜਨ ਅਤੇ ਐੱਸਐੱਸਪੀ ਨੂੰ ਦਰਖਾਸਤਾਂ ਦੇ ਕੇ ਇਸ ਵੀਡੀਓ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਗਈ। ਇਸ ਤੋਂ ਬਾਅਦ ਸਿਹਤ ਵਿਭਾਗ ਹਰਕਤ ਵਿੱਚ ਆ ਗਿਆ। ਵਾਇਰਲ ਹੋਈ ਵੀਡੀਓ ਕਲਿੱਪ, ਜੋ ਕਿ ਮਾਨਸਾ ਦੇ ਆਰਐਮਪੀ ਡਾਕਟਰ ਦੇ ਹਸਪਤਾਲ ਦੀ ਦੱਸੀ ਜਾ ਰਹੀ ਸੀ। ਇਸ ਵਿਚ ਦਵਾਈਆਂ ਦੇ ਰੈਪਰ ਟੈਂਪਰ ਕੀਤੇ ਦਿਖਾਏ ਜਾ ਰਹੇ ਹਨ। ਇਸ ’ਤੇ ਸਿਵਲ ਸਰਜਨ ਮਾਨਸਾ ਵੱਲੋਂ ਕਾਰਵਾਈ ਕਰਦਿਆਂ ਸੀਨੀਅਰ ਮੈਡੀਕਲ ਅਫ਼ਸਰ ਮਾਨਸਾ ਇੰਚਾਰਜ ਸਿਵਲ ਹਸਪਤਾਲ ਮਾਨਸਾ ਅਤੇ ਜ਼ਿਲ੍ਹਾ ਡਰੱਗ ਇੰਸਪੈਕਟਰ ਮਾਨਸਾ ਨੂੰ ਜਾਂਚ ਦੀ ਹਦਾਇਤ ਕੀਤੀ। ਇਸ ਮਾਮਲੇ ’ਚ ਐਸਐਮਓ ਡਾ. ਰੂਬੀ ਅਤੇ ਡਰੱਗ ਇੰਸਪੈਕਟਰ ਸੀਸ਼ਨ ਮਿੱਤਲ ਦੀ ਅਗਵਾਈ ਵਿਚ ਡਾਕਟਰ ਦੇ ਹਸਪਤਾਲ ਵਿੱਚ ਪਹੁੰਚੀ ਟੀਮ ਨੇ ਜਾਂਚ ਕੀਤੀ। ਇਸ ਸਬੰਧੀ ਐੱਸਐੱਮਓ ਡਾ. ਰੂਬੀ ਨੇ ਕਿਹਾ ਕਿ ਮਿਆਦ ਪੁੱਗ ਚੁੱਕੀਆਂ ਦਵਾਈਆਂ ਜ਼ਿਆਦਾ ਨਹੀਂ ਪਰ ਕੁੱਝ ਮਿਲੀਆਂ ਹਨ। ਕੁੱਝ ਦਵਾਈਆਂ ਦੇ ਸੈਂਪਲ ਲਏ ਗਏ ਹਨ ਅਤੇ ਲੈਬੋਰਟਰੀ ’ਚ ਭੇਜ ਦਿੱਤੇ ਗਏ ਹਨ। ਇਸ ਦੀ ਰਿਪੋਰਟ ਸਿਵਲ ਸਰਜਨ ਮਾਨਸਾ ਨੂੰ ਭੇਜੀ ਜਾ ਰਹੀ ਹੈ। ਸਿਵਲ ਸਰਜਨ ਡਾ. ਹਰਿੰਦਰ ਸਿੰਘ ਨੇ ਕਿਹਾ ਕਿ ਇਸ ਮਾਮਲੇ ’ਚ ਉਨ੍ਹਾਂ ਨੇ ਐੱਸਐੱਮਓ ਦੀ ਡਿਊਟੀ ਲਗਾਈ ਹੈ ਅਤੇ ਉਨ੍ਹਾਂ ਵੱਲੋਂ ਰਿਪੋਰਟ ਭੇਜੀ ਜਾ ਰਹੀ ਹੈ। ਇਹ ਰਿਪੋਰਟ ਉਪਰ ਭੇਜ ਦਿੱਤੀ ਜਾਵੇਗੀ ਅਤੇ ਜਾਂਚ ਹੋਵੇਗੀ।
ਡਰੱਗ ਵਿਭਾਗ ਤੇ ਪੁਲੀਸ ਵੱਲੋਂ ਮੈਡੀਕਲ ਸਟੋਰਾਂ ’ਤੇ ਛਾਪੇ
ਲੰਬੀ (ਪੱਤਰ ਪ੍ਰੇਰਕ): ਇੱਥੇ ਡਰੱਗ ਵਿਭਾਗ ਅਤੇ ਪੁਲੀਸ ਵੱਲੋਂ ਬੀਦੋਵਾਲੀ, ਲੰਬੀ ਅਤੇ ਮੰਡੀ ਕਿੱਲਿਆਂਵਾਲੀ ਵਿੱਚ ਸਾਂਝੀ ਕਾਰਵਾਈ ਤਹਿਤ ਕਈ ਮੈਡੀਕਲ ਸਟੋਰਾਂ ’ਤੇ ਛਾਪੇ ਮਾਰੇ। ਡਰੱਗ ਇੰਸਪੈਕਟਰ ਹਰਿਤਾ ਬਾਂਸਲ ਅਤੇ ਥਾਣਾ ਲੰਬੀ ਦੇ ਮੁਖੀ ਮਨਿੰਦਰ ਸਿੰਘ ਦੀ ਅਗਵਾਈ ਹੇਠ ਮੰਡੀ ਕਿੱਲਿਆਂਵਾਲੀ ਵਿੱਚ ਐੱਨਜੀ ਫਾਰਮਾ ਮੈਡੀਕਲ ਸਟੋਰ ਵਿੱਚ ਪ੍ਰੀਗਾਬਾਲਿਨ ਦੇ 1880 ਕੈਪਸੂਲ ਅਤੇ ਰੈਕਸਕਾਫ਼ (ਖੰਘ ਦੀ ਦਵਾਈ) ਦੀਆਂ 291 ਸ਼ੀਸ਼ੀਆਂ ਬਿਨਾਂ ਖਰੀਦ ਬਿੱਲ ਦੇ ਪਾਈਆਂ ਗਈਆਂ। ਦੁਕਾਨਦਾਰ ਨਰੇਸ਼ ਕੁਮਾਰ ਇਨ੍ਹਾਂ ਦਵਾਈਆਂ ਦੇ ਖਰੀਦ ਬਿੱਲ ਪੇਸ਼ ਕਰਨ ਵਿੱਚ ਅਸਮੱਰਥ ਰਿਹਾ। ਬਿਨਾਂ ਬਿੱਲ ਦੀਆਂ ਦੋ ਦਵਾਈਆਂ ਨੂੰ ਸੀਲ ਕਰਕੇ ਕਬਜ਼ੇ ਵਿੱਚ ਲੈ ਲਿਆ ਗਿਆ। ਉਨ੍ਹਾਂ ਕਿਹਾ ਕਿ ਹੋਰਨਾਂ ਪਿੰਡਾਂ ਸਮੇਤ ਲੰਬੀ ਵਿੱਚ ਤਿੰਨ ਮੈਡੀਕਲ ਸਟੋਰ ’ਤੇ ਛਾਪੇ ਮਾਰੇ ਗਏ। ਜਿਨ੍ਹਾਂ ਵਿੱਚੋਂ ਇੱਕ ਦੁਕਾਨ ’ਤੇ ਦਵਾਈ ਦਾ ਸੈਂਪਲ ਭਰਿਆ ਗਿਆ। ਉਨ੍ਹਾਂ ਦੱਸਿਆ ਕਿ ਬਰਾਮਦ ਦਵਾਈਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਕਸਟਡੀ ਆਰਡਰ ਲੈ ਕੇ ਰਿਪੋਰਟ ਉੱਚ ਅਧਿਕਾਰੀਆਂ ਨੂੰ ਭੇਜੀ ਜਾਵੇਗੀ।