ਨਿੱਜੀ ਪੱਤਰ ਪ੍ਰੇਰਕ
ਮੋਗਾ, 20 ਜੂਨ
ਹੜ੍ਹ ਬਚਾਓ ਅੰਤਰ ਜ਼ਿਲ੍ਹਾ ਯੋਜਨਾ ਤਹਿਤ ਅਗਾਊਂ ਪ੍ਰਬੰਧਾਂ ਦਾ ਜਾਇਜ਼ਾ ਲੈਂਦਿਆਂ ਮੋਗਾ ਦੇ ਡੀਸੀ ਕੁਲਵੰਤ ਸਿੰਘ ਨੇ ਸਿੱਧਵਾਂ ਬੇਟ ਪਾਸੇ ਤੋਂ ਪਾਣੀ ਆਉਣ ਦਾ ਖ਼ਦਸ਼ਾ ਪ੍ਰਗਟਾਇਆ ਅਤੇ ਲੁਧਿਆਣਾ ਡੀਸੀ ਨੂੰ ਫੋਨ ਕਰਕੇ ਧੁੱਸੀ ਬੰਨ੍ਹ ਉੱਚਾ ਤੇ ਮਜ਼ਬੂਤ ਕਰਨ ਲਈ ਆਖਿਆ ਹੈ। ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਦੱਸਿਆ ਕਿ ਅਗਾਮੀ ਮੌਨਸੂਨ ਸੀਜ਼ਨ ਦੌਰਾਨ ਹੜ੍ਹ ਵਰਗੀ ਸਥਿਤੀ ਤੋਂ ਬਚਣ ਲਈ ਪ੍ਰਸ਼ਾਸਨ ਨੇ ਹੁਣ ਤੋਂ ਹੀ ਉਪਰਾਲੇ ਸ਼ੁਰੂ ਕਰ ਦਿੱਤੇ ਹਨ। ਪ੍ਰਭਾਵਿਤ ਹੋਣ ਵਾਲੇ ਸੰਭਾਵੀ ਖੇਤਰਾਂ, ਖਾਸ ਕਰਕੇ ਮੋਗਾ ਜਿਲ੍ਹੇ ਨੂੰ ਹੜ੍ਹ ਦੀ ਮਾਰ ਤੋਂ ਬਚਾਉਣ ਲਈ ਅੰਤਰ ਜ਼ਿਲ੍ਹਾ ਯੋਜਨਾ ਤਹਿਤ ਸਿੱਧਵਾਂ ਬੇਟ (ਜ਼ਿਲ੍ਹਾ ਲੁਧਿਆਣਾ) ਇਲਾਕੇ ਤੋਂ ਆਉਣ ਵਾਲੇ ਪਾਣੀ ਨੂੰ ਰੋਕਣ ਲਈ ਪ੍ਰੋਸ਼ਾਸਨ ਪੂਰੀ ਤਰਾਂ ਚੌਕਸ ਹੈ।
ਜ਼ਿਲ੍ਹਾ ਮੋਗਾ ਅਧੀਨ ਦਰਿਆ ਸਤਲੁਜ ਦੇ ਧੁੱਸੀ ਬੰਨ੍ਹ ਦਾ ਦੌਰਾ ਕੀਤਾ ਅਤੇ ਪਿੰਡ ਕਮਾਲ ਕੇ ਤੋਂ ਪਿੰਡ ਬਹਾਦਰ ਕੇ ਤੱਕ ਦਾ ਮੌਕਾ ਦੇਖਿਆ ਗਿਆ। ਜ਼ਿਕਰਯੋਗ ਹੈ ਕਿ ਪਿਛਲੇ ਮੌਨਸੂਨ ਸੀਜ਼ਨ ਦੌਰਾਨ ਜ਼ਿਲ੍ਹਾ ਮੋਗਾ ਦੀ ਹੱਦ ਅੰਦਰ ਸਤਲੁਜ ਦਰਿਆ ਵਿੱਚ 3 ਲੱਖ ਕਿਊਸਿਕ ਪਾਣੀ ਚੱਲਿਆ ਸੀ। ਇਸ ਵਾਰ ਇਸ ਤੋਂ ਵੀ ਜ਼ਿਆਦਾ ਪਾਣੀ ਨੂੰ ਕਾਬੂ ਕਰਨ ਲਈ ਪ੍ਰਬੰਧ ਕੀਤੇ ਜਾ ਰਹੇ ਹਨ। ਇਸ ਮੌਕੇ ਧਰਮਕੋਟ ਦੇ ਐੱਸਡੀਐਮ ਜਸਪਾਲ ਸਿੰਘ ਬਰਾੜ, ਤਹਿਸੀਲਦਾਰ ਰੇਸ਼ਮ ਸਿੰਘ, ਡਰੇਨੇਜ ਵਿਭਾਗ ਦੇ ਉਪ ਮੰਡਲ ਅਫਸਰ ਲਵਪ੍ਰੀਤ ਸਿੰਘ ਅਤੇ ਹੋਰ ਅਧਿਕਾਰੀ ਵੀ ਨਾਲ ਸਨ।