ਪਰਮਜੀਤ ਸਿੰਘ
ਫਾਜ਼ਿਲਕਾ, 29 ਅਗਸਤ
ਕੌਮੀ ਮਨੁੱਖੀ ਅਧਿਕਾਰੀ ਕਮਿਸ਼ਨ ਦੇ ਵਿਸ਼ੇਸ਼ ਅਧਿਕਾਰੀ ਮਹੇਸ਼ ਕੁਮਾਰ ਸਿੰਗਲਾ ਨੇ ਅੱਜ ਫਾਜ਼ਿਲਕਾ ਜ਼ਿਲ੍ਹੇ ਦਾ ਦੌਰਾ ਕਰ ਕੇ ਜਲ ਸਰੋਤਾਂ ਦੇ ਪ੍ਰਦੂਸ਼ਣ ਸਬੰਧੀ ਸਥਾਨਕ ਹਾਲਾਤ ਦਾ ਜਾਇਜ਼ਾ ਲਿਆ। ਇਸ ਮੌਕੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਅਗਰਵਾਲ ਵੀ ਹਾਜ਼ਰ ਸਨ।
ਵਿਸ਼ੇਸ਼ ਅਧਿਕਾਰੀ ਨੇ ਇੱਥੇ ਜਲ ਸਰੋਤਾਂ ਨਾਲ ਜੁੜੇ ਵਿਭਾਗਾਂ ਦੇ ਅਧਿਕਾਰੀਆਂ ਨਾਲ ਬੈਠਕ ਕਰ ਕੇ ਜ਼ਿਲ੍ਹੇ ’ਚ ਸਾਫ ਪਾਣੀ ਅਤੇ ਪਾਣੀ ਦੀ ਸੰਭਾਲ ਲਈ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਜਾਣਕਾਰੀ ਹਾਸਲ ਕੀਤੀ। ਇਸ ਮੌਕੇ ਮਹੇਸ਼ ਕੁਮਾਰ ਸਿੰਗਲਾ ਨੇ ਕਿਹਾ ਕਿ ਉਹ ਸਥਾਨਕ ਹਾਲਾਤ ਦਾ ਅਧਿਐਨ ਕਰਨ ਲਈ ਇੱਥੇ ਆਏ ਹਨ। ਉਨ੍ਹਾਂ ਵਿਭਾਗਾਂ ਨੂੰ ਹਦਾਇਤ ਕੀਤੀ ਕਿ ਉਹ ਲੋਕਾਂ ਨੂੰ ਸਾਫ ਪਾਣੀ ਦੇ ਮਹੱਤਵ ਤੋਂ ਜਾਣੂ ਕਰਵਾ ਕੇ ਉਨ੍ਹਾਂ ਨੂੰ ਵਾਟਰ ਵਰਕਸ ਦਾ ਪਾਣੀ ਹੀ ਪੀਣ ਲਈ ਪ੍ਰੇਰਨ।
ਇਸ ਮੌਕੇ ਜਲ ਤੇ ਸੈਨੀਟੇਸਨ ਵਿਭਾਗ ਦੇ ਕਾਰਜਕਾਰੀ ਇੰਜਨੀਅਰ ਸ਼ਮਿੰਦਰ ਸਿੰਘ ਅਤੇ ਅੰਮ੍ਰਿਤਦੀਪ ਸਿੰਘ ਭੱਠਲ, ਸਿਵਲ ਸਰਜਨ ਫਾਜ਼ਿਲਕਾ ਡਾ. ਰਾਜਿੰਦਰ ਪਾਲ ਬੈਂਸ ਤੇ ਵਧੀਕ ਡਿਪਟੀ ਕਮਿਸਨਰ (ਜਨਰਲ) ਹਰਚਰਨ ਸਿੰਘ ਆਦਿ ਅਧਿਕਾਰੀ ਵੀ ਹਾਜ਼ਰ ਸਨ। ਬਾਅਦ ’ਚ ਮਹੇਸ਼ ਕੁਮਾਰ ਸਿੰਗਲਾ ਨੇ ਜ਼ਿਲ੍ਹੇ ਦੀਆਂ ਜਲ ਪ੍ਰਬੰਧਨ ਸਬੰਧੀ ਵੱਖ ਵੱਖ ਥਾਵਾਂ ਦਾ ਦੌਰਾ ਕੀਤਾ।