ਪੱਤਰ ਪ੍ਰੇਰਕ
ਮਾਨਸਾ, 21 ਅਗਸਤ
ਇੱਥੋਂ ਦੇ ਸਿਵਲ ਸਰਜਨ ਡਾ. ਰਣਜੀਤ ਸਿੰਘ ਰਾਏ ਨੇ ਮਮਤਾ ਦਿਵਸ ਮੌਕੇ ਪਿੰਡ ਕੋਟਧਰਮੂ ਦੇ ਸਿਹਤ ਕੇਂਦਰ ਅਤੇ ਹੈਲਥ ਐਂਡ ਵੈਲਨੈਸ ਸੈਂਟਰ ਵਿੱਚ ਗਰਭਵਤੀ ਔਰਤਾਂ ਦੀ ਜਾਂਚ, ਟੀਕਾਕਰਨ ਅਤੇ ਜਾਗਰੂਕਤਾ ਕੈਂਪ ਦਾ ਦੌਰਾ ਕੀਤਾ। ਉਨ੍ਹਾਂ ਦੱਸਿਆ ਕਿ ਗਰਭ ਅਵਸਥਾ ਦੌਰਾਨ ਵੱਖ-ਵੱਖ ਕਾਰਨਾਂ ਕਰਕੇ ਗਰਭਵਤੀ ਔਰਤਾਂ ਦੀ ਸਿਹਤ ਨੂੰ ਖਤਰਾ ਹੋ ਸਕਦਾ ਹੈ, ਜੇ ਗਰਭਵਤੀ ਔਰਤਾਂ ਸਮੇਂ ਸਿਰ ਆਪਣੀ ਸਿਹਤ ਜਾਂਚ ਨਹੀਂ ਕਰਵਾਉਂਦੀਆਂ ਤਾਂ ਇਸ ਦੇ ਗੰਭੀਰ ਸਿੱਟੇ ਨਿਕਲ ਸਕਦੇ ਹਨ। ਉਨ੍ਹਾਂ ਕਿਹਾ ਕਿ ਇਸ ਲਈ ਹਰ ਗਰਭਵਤੀ ਮਹਿਲਾ ਨੂੰ ਸਮੇਂ ਸਿਰ ਸਿਹਤ ਜਾਂਚ ਅਤੇ ਟੀਕਾਕਰਨ ਕਰਵਾਉਂਦੇ ਰਹਿਣਾ ਚਾਹੀਦਾ ਹੈ ਅਤੇ ਆਪਣਾ ਰੁਟੀਨ ਚੈੱਕਅਪ ਸਬ ਸੈਂਟਰ ਦੀ ਏਐੱਨਐੱਮ ਤੋਂ ਕਰਵਾਉਂਦੇ ਰਹਿਣਾ ਚਾਹੀਦਾ ਹੈ। ਇਸ ਮੌਕੇ ਉਨ੍ਹਾਂ ਕੰਮ ਤੇ ਸਟਾਫ ਦੀ ਹਾਜ਼ਰੀ ਵੱਲੋਂ ਸੰਤੁਸ਼ਟੀ ਪ੍ਰਗਟ ਕੀਤੀ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਦਿੱਤੇ ਗਏ ਹੁਕਮਾਂ ਦੀ ਪਾਲਣਾ ਕਰਦੇ ਹੋਏ ਆਮ ਆਦਮੀ ਕਲੀਨਿਕਾਂ ਵਿੱਚ ਲੋੜ ਅਨੁਸਾਰ ਸਾਰੀਆਂ ਦਵਾਈਆਂ ਅਤੇ ਟੈਸਟ ਸਾਰੀਆਂ ਸਰਕਾਰੀ ਸਿਹਤ ਸੰਸਥਾਵਾਂ ਵਿਖੇ ਵੀ ਬਿਲਕੁਲ ਮੁਫ਼ਤ ਦਿੱਤੇ ਜਾ ਰਹੇ ਹਨ।