ਜੋਗਿੰਦਰ ਸਿੰਘ ਮਾਨ
ਮਾਨਸਾ, 19 ਜੁਲਾਈ
ਜਮਹੂਰੀ ਅਧਿਕਾਰ ਸਭਾ ਪੰਜਾਬ ਅਤੇ ਸੀਪੀਆਈ (ਐੱਮਐੱਲ) ਲਬਿਰੇਸ਼ਨ ਦੇ ਸੱਦੇ ’ਤੇ ਇਨਕਲਾਬੀ ਤੇਲਗੂ ਕਵੀ ਵਰਵਰਾ ਰਾਓ ਸਮੇਤ ਜੇਲ੍ਹਾਂ ਵਿਚ ਬੰਦ ਬਾਕੀ ਆਗੂਆਂ ਨੂੰ ਰਿਹਾਅ ਕਰਨ ਅਤੇ ਦਿੱਲੀ ਦੰਗਿਆਂ ਦੇ ਅਸਲ ਕਸੂਰਵਾਰਾਂ ਖਿਲਾਫ਼ ਕਾਰਵਾਈ ਕਰਵਾਉਣ ਆਦਿ ਮੰਗਾਂ ਸਬੰਧੀ ਅੱਜ ਇੱਥੇ ਪ੍ਰਦਰਸ਼ਨ ਕੀਤਾ ਗਿਆ। ਸਭਾ ਦੇ ਸੂਬਾ ਕਮੇਟੀ ਮੈਂਬਰ ਮਨਜੀਤ ਕੌਰ ਔਲਖ ਅਤੇ ਲਬਿਰੇਸ਼ਨ ਦੇ ਕੇਂਦਰੀ ਕਮੇਟੀ ਮੈਂਬਰ ਕਾ. ਰਾਜਵਿੰਦਰ ਰਾਣਾ ਨੇ ਡਾ. ਕਫੀਲ ਖਾਨ ਸਣੇ ਪ੍ਰੋਫੈਸਰ ਸਾਈਂ ਬਾਬਾ, ਪ੍ਰੋਫੈਸਰ ਤੇਲਤੁੰਬੜੇ, ਗੌਤਮ ਨਵਲੱਖਾ, ਐਡਵੋਕੇਟ ਸੁਰਿੰਦਰ ਗੈਡਲਿੰਗ, ਐਡਵੋਕੇਟ ਸੁਧਾ ਭਾਰਦਵਾਜ, ਅਰੁਣ ਫਰੇਰਾ ਨੂੰ ਤੁਰੰਤ ਰਿਹਾਅ ਕਰਨ ਦੀ ਮੰਗ ਕੀਤੀ।
ਸ੍ਰੀ ਮੁਕਤਸਰ ਸਾਹਿਬ (ਗੁਰਸੇਵਕ ਸਿੰਘ ਪ੍ਰੀਤ): ਬਜ਼ੁਰਗ ਤੇਲਗੂ ਕਵੀ ਵਰਵਰਾ ਰਾਓ ਦੀ ਉਮਰ ਅਤੇ ਬਿਮਾਰੀ ਦਾ ਲਿਹਾਜ ਨਾ ਕਰਦਿਆਂ ਜੇਲ੍ਹ ਵਿੱਚ ਬੰਦ ਕਰਨ ਖ਼ਿਲਾਫ਼ ਜੁਝਾਰੂ ਜਥੇਬੰਦੀਆਂ ਨੇ ਅੱਜ ਕੇਂਦਰ ਸਰਕਾਰ ਖਿਲਾਫ਼ ਰੋਸ ਮੁਜ਼ਾਹਰੇ ਸ਼ੁਰੂ ਕਰ ਦਿੱਤੇ। ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਸੱਦੇ ’ਤੇ ਮੁਕਤਸਰ ਵਿੱਚ ਤਰਕਸ਼ੀਲ ਸੁਸਾਇਟੀ ਦੇ ਰਾਮ ਸਵਰਨ ਲੱਖੇਵਾਲੀ, ਡੀਟੀਐੱਫ ਦੇ ਲਖਵੀਰ ਸਿੰਘ ਹਰੀਕੇ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਤਰਸੇਮ ਸਿੰਘ ਖੁੰਡੇ ਹਲਾਲ ਤੇ ਜਸਵਿੰਦਰ ਸੰਗੂਧੋਣ ਅਤੇ ਪਿੰਡ ਦੋਦਾ ਵਿੱਚ ਹੋਏ ਸਮਾਗਮ ਦੌਰਾਨ ਲੋਕ ਮੋਰਚਾ ਪੰਜਾਬ ਦੇ ਪਿਆਰਾ ਲਾਲ ਦੋਦਾ, ਰਾਜਾ ਸਿੰਘ, ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਪੂਰਨ ਸਿੰਘ ਦੋਦਾ, ਮਲਕੀਤ ਸਿੰਘ ਅਤੇ ਟੀਐੱਸਯੂ ਦੇ ਆਗੂ ਗਰਨਦੀਪ ਸਿੰਘ ਤੇ ਦੂਲੀ ਚੰਦ ਨੇ ਬੁੱਧੀਜੀਵੀਆਂ ਦੀ ਤੁਰੰਤ ਰਿਹਾਅ ਮੰਗੀ।
ਸਿਰਸਾ (ਪ੍ਰਭੂ ਦਿਆਲ): ਹਰਿਆਣਾ ਜਮਹੂਰੀ ਅਧਿਕਾਰ ਸਭਾ, ਜਮਹੂਰੀ ਅਧਿਕਾਰੀ ਸਭਾ ਪੰਜਾਬ, ਪ੍ਰਗਤੀਸ਼ੀਲ ਲੇਖਕ ਸੰਘ, ਕੇਂਦਰੀ ਪੰਜਾਬੀ ਲੇਖਕ ਸੰਘ, ਪੰਜਾਬੀ ਸਤਿਕਾਰ ਸਭਾ ਤੇ ਹੋਰ ਜਥੇਬੰਦੀਆਂ ਨਾਲ ਜੁੜੇ ਲੋਕ ਸ਼ਹੀਦ ਕਰਤਾਰ ਸਿੰਘ ਸਰਾਭਾ ਹਾਲ ਵਿੱਚ ਇਕੱਠੇ ਹੋਏ, ਜਿਥੋਂ ਪ੍ਰਦਰਸ਼ਨ ਕਰਦੇ ਹੋਏ ਬੱਸ ਅੱਡੇ ’ਤੇ ਪਹੁੰਚੇ ਅਤੇ ਬੁੱਧੀਜੀਵੀਆਂ ਦੀ ਰਿਹਾਈ ਦੀ ਮੰਗ ਕੀਤੀ।
ਭਦੌੜ (ਰਾਜਿੰਦਰ ਵਰਮਾ): ਇੱਥੇ ਭਗਤ ਸਿੰਘ ਦੇ ਬੁੱਤ ਅੱਗੇ ਜਮਹੂਰੀ ਅਧਿਕਾਰ ਸਭਾ, ਪਲਸ ਮੰਚ, ਤਰਕਸ਼ੀਲ ਸੁਸਾਇਟੀ, ਦੇਵਿੰਦਰ ਸਤਿਆਰਥੀ ਸਾਹਿਤ ਸਭਾ ਨੇ ਤੇਲਗੂ ਕਵੀ ਵਰਵਰਾ ਰਾਓ ਤੇ ਹੋਰ ਆਗੂਆਂ ਦੀ ਤੁਰੰਤ ਰਿਹਾਈ ਦੀ ਮੰਗ ਕੀਤੀ।
ਬਰਨਾਲਾ (ਪਰਸ਼ੋਤਮ ਬੱਲੀ): ਜਮਹੂਰੀ ਅਧਿਕਾਰ ਸਭਾ ਦੀ ਬਰਨਾਲਾ ਜ਼ਿਲ੍ਹਾ ਇਕਾਈ ਦੇ ਪ੍ਰਧਾਨ ਗੁਰਮੇਲ ਸਿੰਘ ਠੁੱਲੀਵਾਲ, ਸਕੱਤਰ ਸੋਹਣ ਸਿੰਘ ਮਾਝੀ ਤੇ ਪ੍ਰੈਸ ਸਕੱਤਰ ਹਰਚਰਨ ਸਿੰਘ ਚਹਿਲ ਨੇ ਦੱਸਿਆ ਕਿ ਘਰਾਂ, ਗਲੀਆਂ, ਚੌਰਾਹਿਆਂ, ਸੱਥਾਂ ਤੇ ਖੇਤਾਂ ਵਿੱਚ ਪ੍ਰਦਰਸ਼ਨ ਕਰਕੇ ਵਰਵਰਾ ਰਾਓ ਤੇ ਦੋ ਦਰਜਨ ਦੇ ਕਰੀਬ ਜੇਲ੍ਹਾਂ ਵਿੱਚ ਬੰਦ ਬੁੱਧੀਜੀਵੀਆਂ, ਵਕੀਲਾਂ, ਲੇਖਕਾਂ, ਵਿਦਿਆਰਥੀ ਆਗੂਆਂ ਦੀ ਰਿਹਾਈ ਦੀ ਮੰਗ ਕੀਤੀ ਗਈ। ਇਨ੍ਹਾਂ ਪ੍ਰਦਰਸ਼ਨਾਂ ਵਿੱਚ ਇਨਕਲਾਬੀ ਕੇਂਦਰ ਦੇ ਆਗੂ ਨਰੈਣ ਦੱਤ, ਡੀਟੀਐੱਫ ਦੇ ਗੁਰਮੀਤ ਸੁਖਪੁਰ ਤੇ ਰਾਜੀਵ ਕੁਮਾਰ, ਡੀਐੱਮਐੱਫ ਦੇ ਜੁਗਰਾਜ ਟੱਲੇਵਾਲ, ਅਮਰਜੀਤ ਕੌਰ, ਹਰਚਰਨ ਪੱਤੀ ਨੇ ਸ਼ਮੂਲੀਅਤ ਕੀਤੀ। ਇਸੇ ਸਬੰਧੀ ਪ੍ਰਗਤੀਸ਼ੀਲ ਲੇਖਕ ਸੰਘ ਪੰਜਾਬ ਦੀ ਬਰਨਾਲਾ ਇਕਾਈ ਦੀ ਮੀਟਿੰਗ ਡਾ. ਜੋਗਿੰਦਰ ਸਿੰਘ ਨਿਰਾਲਾ ਦੇ ਗ੍ਰਹਿ ਵਿੱਚ ਹੋਈ ਜਿਸ ਵਿਚ ਭੋਲਾ ਸਿੰਘ ਸੰਘੇੜਾ, ਸ਼ਾਇਰ ਤਰਸੇਮ, ਮੇਜਰ ਸਿੰਘ ਗਿੱਲ, ਡਾ. ਹਰਿਭਗਵਾਨ ਅਤੇ ਅਨਿਲ ਕੁਮਾਰ ਸ਼ਾਮਲ ਹੋਏ।
ਸ਼ਹਿਣਾ (ਪ੍ਰਮੋਦ ਕੁਮਾਰ ਸਿੰਗਲਾ): ਬਲਾਕ ਦੇ ਅੱਧੀ ਦਰਜਨ ਪਿੰਡਾਂ ਵਿੱਚ ਤੇਲਗੂ ਕਵੀ, ਲੇਖਕ ਅਤੇ ਸਮਾਜਿਕ ਕਾਰਕੁਨ ਵਰਵਰਾ ਰਾਓ ਦੀ ਰਿਹਾਈ ਦੀ ਮੰਗ ਸਬੰਧੀ ਪ੍ਰਦਰਸ਼ਨ ਕੀਤਾ ਗਿਆ। ਲੋਕਾਂ ਨੇ ਇਹ ਪ੍ਰਦਰਸ਼ਨ ਆਪਣੇ ਘਰਾਂ ਅੱਗੇ ਕੀਤਾ। ਜਮਹੂਰੀ ਅਧਿਕਾਰ ਸਭਾ ਦੇ ਕੁਲਵਿੰਦਰ ਸਿੰਘ ਸ਼ਹਿਣਾ ਨੇ ਵਰਵਰਾ ਰਾਓ ਦੀ ਤੁਰੰਤ ਰਿਹਾਈ ਦੀ ਮੰਗ ਕੀਤੀ।
ਏਲਨਾਬਾਦ (ਜਗਤਾਰ ਸਮਾਲਸਰ): ਜਮਹੂਰੀ ਅਧਿਕਾਰ ਸਭਾ ਹਰਿਆਣਾ ਨੇ ਲੋਕ ਕਵੀ ਵਰਵਰਾ ਰਾਓ ਸਮੇਤ ਹੋਰ ਜਮਹੂਰੀ ਅਧਿਕਾਰ ਕਾਰਕੁਨਾਂ ਦੀ ਤੁਰੰਤ ਰਿਹਾਈ ਲਈ ਗਦਰੀ ਬਾਬਾ ਸੋਹਣ ਸਿੰਘ ਭਕਨਾ ਹਾਲ ਜਗਮਲੇਰਾ (ਸਿਰਸਾ) ਵਿੱਚ ਸਭਾ ਬੁਲਾਈ ਗਈ। ਸਭਾ ਦੇ ਕਾਰਜਕਾਰੀ ਕਨਵੀਨਰ ਅਤੇ ਮੁੱਖ ਬੁਲਾਰੇ ਡਾ. ਸੁਖਦੇਵ, ਡਾ. ਗੁਰਪ੍ਰੀਤ ਸਿੰਧਰਾ, ਕਵੀ ਕੁਲਵੰਤ ਧੰਜੂ, ਪ੍ਰਿੰਸੀਪਲ ਬੂਟਾ ਸਿੰਘ, ਡਾ. ਅਮਨ ਹੁੰਦਲ, ਦਵਿੰਦਰ ਰਾਣੀਆਂ, ਕਾ. ਮਨਧੀਰ ਸਿੰਘ ਨਕੌੜਾ, ਹਰਜਿੰਦਰ ਸਿੰਘ ਭੰਗੂ, ਸੁਖਮਨ ਨੱਤ ਅਤੇ ਪ੍ਰਿੰਸੀਪਲ ਧਰਮਿੰਦਰ ਸਿੰਘ ਨੇ ਉਨ੍ਹਾਂ ਦੀ ਤੁਰੰਤ ਰਿਹਾਈ ਦੀ ਮੰਗ ਕੀਤੀ।
ਦੋਦਾ (ਜਸਵੀਰ ਸਿੰਘ ਭੁੱਲਰ): ਲੋਕ ਮੋਰਚਾ ਪੰਜਾਬ, ਕਿਸਾਨ ਯੂਨੀਅਨ ਅਤੇ ਟੀਐੱਸਯੂ ਨੇ ਅੱਜ ਇੱਥੇ ਰੋਸ ਰੈਲੀ ਕਰਕੇ ਕਵੀ ਵਰਵਰਾ ਰਾਓ ਦੀ ਰਿਹਾਈ ਦੀ ਮੰਗ ਕੀਤੀ।
ਰਾਮਪੁਰਾ ਫੂਲ (ਗੁਰਵਿੰਦਰ ਸਿੰਘ): ਸਥਾਨਕ ਸ਼ਹਿਰ ਦੇ ਨੈਸ਼ਨਲ ਹਾਈਵੇਅ ਅਤੇ ਟੀ-ਪੁਆਇੰਟ ਕੋਲ ਵੱਖ-ਵੱਖ ਜਥੇਬੰਦੀਆਂ ਨੇ ਤੇਲਗੂ ਕਵੀ ਵਰਵਰਾ ਰਾਓ ਅਤੇ ਹੋਰ ਬੁੱਧੀਜੀਵੀਆਂ ਦੀ ਰਿਹਾਈ ਲਈ ਪ੍ਰਦਰਸ਼ਨ ਕੀਤਾ। ਜਮਹੂਰੀ ਅਧਿਕਾਰ ਸਭਾ, ਇਨਕਲਾਬੀ ਕੇਂਦਰ ਪੰਜਾਬ ਦੇ ਆਗੂ ਪ੍ਰਿਤਪਾਲ ਸਿੰਘ ਮੰਡੀ ਕਲਾਂ, ਬੀਕੇਯੂ ਏਕਤਾ ਡਕੌਂਦਾ ਦੇ ਸੂਬਾ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ, ਤਰਕਸ਼ੀਲ ਸੁਸਾਇਟੀ ਰਾਮਪੁਰਾ ਦੇ ਆਗੂ ਰਾਜੇਸ਼ ਕੁਮਾਰ ਨੇ ਮੰਗ ਕੀਤੀ ਕਿ ਇਨਕਲਾਬੀ ਕਵੀ ਰਾਓ ਦੀ ਮਾਨਸਿਕ ਅਤੇ ਸਰੀਰਕ ਹਾਲਤ ਨੂੰ ਵੇਖਦਿਆਂ ਤੁਰੰਤ ਰਿਹਾਅ ਕੀਤਾ ਜਾਵੇ।
ਤਪਾ ਮੰਡੀ (ਸੀ. ਮਾਰਕੰਡਾ): ਪੰਜਾਬ ਸਰਕਾਰ ਵੱਲੋਂ ਆਉਣ ਵਾਲੇ ਸਮੇਂ ਵਿਚ ਨਵੀਆਂ ਭਰਤੀਆਂ ਕੇਂਦਰੀ ਨਿਯਮਾਂ ਅਨੁਸਾਰ ਕਰਨ ਦੇ ਫ਼ੈਸਲੇ ਖ਼ਿਲਾਫ਼ ਅਤੇ ਜੇਲ੍ਹਾਂ ਵਿੱਚ ਬੰਦ ਜਮਹੂਰੀ, ਬੁੱਧੀਜੀਵੀ ਕਾਰਕੁਨਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਨੇੜਲੇ ਪਿੰਡ ਢਿੱਲਵਾਂ ਦੇ ਬੱਸ ਸਟੈਂਡ ’ਤੇ ਮੁਲਾਜ਼ਮਾਂ ਅਤੇ ਬੇਰੁਜ਼ਗਾਰਾਂ ਨੇ ਨਵੇਂ ਨਿਯਮਾਂ ਦੀਆਂ ਕਾਪੀਆਂ ਸਾੜ ਕੇ ਪ੍ਰਦਰਸ਼ਨ ਕੀਤਾ।
ਮਹਿਲ ਕਲਾਂ ਸਣੇ ਵੱਖ-ਵੱਖ ਪਿੰਡਾਂ ਵਿੱਚ ਪ੍ਰਦਰਸ਼ਨ
ਮਹਿਲ ਕਲਾਂ (ਨਵਕਿਰਨ ਸਿੰਘ): ਤੇਲਗੂ ਦੇ ਉੱਘੇ ਕਵੀ ਵਰਵਰਾ ਰਾਓ ਦੀ ਰਿਹਾਈ ਲਈ ਜਮਹੂਰੀ ਅਧਿਕਾਰ ਸਭਾ ਦੇ ਸੱਦੇ ’ਤੇ ਅੱਜ ਇੱਥੇ ਜਥੇਬੰਦਕ ਆਗੂਆਂ ਨੇ ਆਪਣੇ ਘਰਾਂ ਦੇ ਬਾਹਰ ਉਨ੍ਹਾਂ ਦੀ ਰਿਹਾਈ ਦੇ ਬੈਨਰ ਫੜ ਕੇ ਪ੍ਰਦਰਸ਼ਨ ਕੀਤਾ। ਪਿੰਡ ਧਨੇਰ ਵਿੱਚ ਮਨਜੀਤ ਧਨੇਰ, ਮਹਿਲ ਕਲਾਂ ਵਿੱਚ ਮਾਸਟਰ ਬਲਜਿੰਦਰ ਪ੍ਰਭੂ, ਮਾਸਟਰ ਹਰਮਨਜੀਤ ਸਿੰਘ ਕੁਤਬਾ ਅਤੇ ਰਾਏਸਰ ਵਿੱਚ ਗੁਰਪ੍ਰੀਤ ਸਿੰਘ ਗੋਪੀ ਆਦਿ ਨੇ ਕਰੋਨਾਵਾਇਰਸ ਪੀੜਤ 81 ਸਾਲਾ ਬੁੱਧੀਜੀਵੀ ਰਾਓ ਸਣੇ ਹੋਰ ਸਿਆਸੀ ਕੈਦੀ ਰਿਹਾਅ ਕਰਨ ਦੀ ਮੰਗ ਕੀਤੀ।