ਪਰਸ਼ੋਤਮ ਬੱਲੀ
ਬਰਨਾਲਾ, 24 ਨਵੰਬਰ
30 ਕਿਸਾਨ ਜਥੇਬੰਦੀਆਂ ਵੱਲੋਂ ਮੋਦੀ ਸਰਕਾਰ ਦੇ ਤਿੰਨ ਖੇਤੀ ਵਿਰੋਧੀ ਕਾਨੂੰਨਾਂ ਅਤੇ ਬਿਜਲੀ ਸੋਧ ਬਿਲ-2020 ਅਤੇ ਪਰਾਲੀ ਸਾੜਨ ਸਬੰਧੀ ਕਿਸਾਨਾਂ ਨੂੰ ਇੱਕ ਕਰੋੜ ਜੁਰਮਾਨਾ ਅਤੇ ਪੰਜ ਸਾਲ ਦੀ ਕੈਦ ਵਾਲੇ ਆਰਡੀਨੈਂਸ ਖਿਲਾਫ ਰੇਲਵੇ ਸਟੇਸ਼ਨ ਬਰਨਾਲਾ ਦੀ ਪਾਰਕਿੰਗ ਵਿੱਚ ਸ਼ੁਰੂ ਕੀਤੇ ਸਾਂਝੇ ਕਿਸਾਨ ਸੰਘਰਸ਼ ਦੇ 55ਵੇਂ ਦਿਨ ਵੀ ਸੈਂਕੜਿਆਂ ਦੀ ਗਿਣਤੀ ਵਿੱਚ ਇਕੱਤਰ ਜੁਝਾਰੂ ਕਿਸਾਨ ਮਰਦ-ਔਰਤਾਂ ਦੀ ਬੁਲੰਦ ਆਵਾਜ਼ ਮੱਠੀ ਨਹੀਂ ਪਈ। ਬਲਕਿ ਅੱਜ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਨੂੰ ਸਿਜਦਾ ਕਰਦਿਆਂ ਬਲਿਦਾਨੀ ਜਜ਼ਬੇ ਲਈ ਪ੍ਰੇਰਣਾ ਗ੍ਰਹਿਣ ਕੀਤੀ। ਇਸ ਦੌਰਾਨ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਆਗੂ ਬਾਬੂ ਸਿੰਘ ਖੁੱਡੀਕਲਾਂ ਤੇ ਦਰਸ਼ਨ ਸਿੰਘ ਮਹਿਤਾ ਸਣੇ ਹੋਰਨਾਂ ਕਿਹਾ ਕਿ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਹਕੂਮਤਾਂ ਦੇ ਜ਼ਾਬਰ ਕਦਮ ਕਦੇ ਵੀ ਸੰਘਰਸ਼ਸ਼ੀਲ ਕਾਫਲਿਆਂ ਨੂੰ ਅੱਗੇ ਵਧਣ ਤੋਂ ਰੋਕ ਨਹੀਂ ਸਕੇ, ਇਹ ਜ਼ਾਬਰ ਕਿਸਾਨਾਂ ਨੂੰ ਦਿੱਲੀ ਵੱਲ ਜਾਣ ਤੋਂ ਨਹੀਂ ਰੋਕ ਸਕਣਗੇ।
ਭਾਈਰੂਪਾ (ਅਵਤਾਰ ਸਿੰਘ ਧਾਲੀਵਾਲ): ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ‘ਦਿੱਲੀ ਚੱਲੋ ਡੇਰੇ ਮੱਲੋ’ ਦੀ ਤਿਆਰੀ ਵਜੋ ਭਾਈਰੂਪਾ ਵਿੱਚ ਰੈਲੀ ਕੀਤੀ ਗਈ। ਇਸ ਮੌਕੇ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਬਲਦੇਵ ਸਿੰਘ ਭਾਈਰੂਪਾ ਨੇ ਕਿਹਾ ਕਿ ਮੋਦੀ ਦੀ ਕੇਂਦਰ ਸਰਕਾਰ ਵੱਲੋਂ ਲਿਆਂਦੇ ਕਾਲੇ ਕਾਨੂੰਨ ਪੂਰੇ ਕਿਰਤੀ ਲੋਕਾਂ ਨੂੰ ਤਬਾਹ ਕਰ ਦੇਣਗੇ।
ਬੁਢਲਾਡਾ (ਐਨ.ਪੀ.ਸਿੰਘ): ਇਸ ਤਹਿਸੀਲ ਦੇ ਬੁਢਲਾਡਾ ਅਤੇ ਬਰੇਟਾ ਵਿੱਚ ਸਥਿਤ ਰਿਲਾਇੰਸ ਪੈਟਰੋਲ ਪੰਪਾਂ ’ਤੇ ਚੱਲ ਰਹੇ ਕਿਸਾਨੀ ਸੰਘਰਸ਼ ਦੇ ਨਾਲ ਨਾਲ ਇੱਥੋਂ ਦੇ 84 ਪਿੰਡ ਕਿਸਾਨੀ ਦੇ ਹਰੇ ਅਤੇ ਪੀਲੇ ਰੰਗਾਂ ਨਾਲ ਲਬਰੇਜ਼ ਹੋ ਗਏ ਹਨ। ਖੇਤੀ ਕਾਨੂੰਨਾਂ ਖ਼ਿਲਾਫ਼ ਵਿੱਢੀ ਹੋਈ ਇਸ ਜੰਗ ਦੇ ਸਿਪਾਹੀ ਕਿਸਾਨਾਂ ਨੇ ਦਿੱਲੀ ਵੱਲ ਕੂਚ ਕਰਨ ਲਈ ਬੋਰੀ ਬਿਸਤਰਾ ਬੰਨ੍ਹ ਲਿਆ ਹੈ। ਬੁਢਲਾਡਾ ਦੇ ਰਿਲਾਇੰਸ ਪੰਪ ’ਤੇ ਅੱਜ ਦੇ ਧਰਨੇ ਵਿੱਚ ਆਲ ਇੰਡੀਆ ਕਿਸਾਨ ਸਭਾ ਪੰਜਾਬ ਦੇ ਜ਼ਿਲ੍ਹਾ ਆਗੂ ਜਸਵੰਤ ਸਿੰਘ ਬੀਰੋਕੇ, ਪੰਜਾਬ ਕਿਸਾਨ ਯੂਨੀਅਨ ਦੇ ਆਗੂ ਸਵਰਨ ਸਿੰਘ ਬੋੜਾਵਾਲ, ਜਮਹੂਰੀ ਕਿਸਾਨ ਸਭਾ ਦੇ ਆਗੂ ਅਮਰੀਕ ਸਿੰਘ ਫਫੜੇ, ਪੰਜਾਬ ਖੇਤ ਮਜ਼ਦੂਰ ਸਭਾ ਦੇ ਪੰਡਿਤ ਸੀਤਾ ਰਾਮ ਗੋਬਿੰਦਪੁਰਾ ਨੇ ਸੰਬੋਧਨ ਕੀਤਾ।
ਸ਼ਹਿਣਾ (ਪ੍ਰਮੋਦ ਕੁਮਾਰ ਸਿੰਗਲਾ): ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਬਲਾਕ ਸ਼ਹਿਣਾ ਦੇ ਪਿੰਡ ਈਸ਼ਰ ਸਿੰਘ ਵਾਲਾ ਵਿਖੇ ਇਕਾਈ ਪ੍ਰਧਾਨ ਦੀ ਅਗਵਾਈ ਹੇਠ ਕਿਸਾਨ ਬੀਬੀਆਂ ਵੱਲੋਂ ਦਿੱਲੀ ਧਰਨੇ ਲਈ ਰਾਸ਼ਨ ਇਕੱਠਾ ਕੀਤਾ ਗਿਆ ਅਤੇ ਕੇਂਦਰ ਸਰਕਾਰ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ।
ਤਲਵੰਡੀ ਸਾਬੋ (ਜਗਜੀਤ ਸਿੰਘ ਸਿੱਧੂ): ਕੇਂਦਰ ਸਰਕਾਰ ਵੱਲੋਂ ਨਵੇਂ ਲਿਆਂਦੇ ਖੇਤੀ ਕਾਨੂੰਨਾਂ ਖ਼ਿਲਾਫ਼ ਮੋਦੀ ਸਰਕਾਰ ਨਾਲ ਮੱਥਾ ਲਾਉਣ ਲਈ ਕਿਸਾਨ ਜਥੇਬੰਦੀਆਂ ਵੱਲੋਂ ਉਲੀਕੇ ਪ੍ਰੋਗਰਾਮ ਤਹਿਤ ਬੀਕੇਯੂ (ਲੱਖੋਵਾਲ) ਨੇ ਦਿੱਲੀ ਜਾਣ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਭਾਰਤੀ ਕਿਸਾਨ ਯੁਨੀਅਨ(ਲੱਖੋਵਾਲ) ਦੇ ਸੂਬਾ ਸਕੱਤਰ ਜਰਨਲ ਰਾਮਕਰਨ ਸਿੰਘ ਰਾਮਾਂ ਨੇ ਦੱਸਿਆ ਕਿ 26 ਨਵੰਬਰ ਨੂੰ ਦਿੱਲੀ ਘੇਰਨ ਲਈ ਫਿਰੋਜ਼ਪੁਰ, ਫਰੀਦਕੋਟ, ਫਾਜ਼ਿਲਕਾ, ਮੁਕਤਸਰ ਸਾਹਿਬ ਅਤੇ ਬਠਿੰਡਾ ਜ਼ਿਲ੍ਹਿਆਂ ਦੇ ਕਿਸਾਨ ਇਸ ਦਿਨ ਪਹਿਲਾਂ ਸਾਢੇ ਦਸ ਵਜੇ ਤਲਵੰਡੀ ਸਾਬੋ ਦੀ ਟਰੈਕਟਰ ਮੰਡੀ ਵਿੱਚ ਇਕੱਠੇ ਹੋਣਗੇ।
ਸ੍ਰੀ ਮੁਕਤਸਰ ਸਾਹਿਬ (ਗੁਰਸੇਵਕ ਸਿੰਘ ਪ੍ਰੀਤ): ਇਨਕਲਾਬੀ ਜਥੇਬੰਦੀ ‘ਲੋਕ ਮੋਰਚਾ ਪੰਜਾਬ’ ਨੇ ਕਿਸਾਨਾਂ ਦੀ 26 ਨਵੰਬਰ ਦੀ ਹੜਤਾਲ ਦੇ ਡਟਵੇਂ ਸਮਰਥਨ ਦਾ ਐਲਾਨ ਕਰਦਿਆਂ ਮੋਦੀ ਹਕੂਮਤ ਨੂੰ ਲੋਕ ਵਿਰੋਧੀ ਕਰਾਰ ਦਿੱਤਾ ਹੈ। ਜਥੇਬੰਦੀ ਦੇ ਸੂਬਾ ਜਥੇਬੰਦਕ ਸਕੱਤਰ ਜਗਮੇਲ ਸਿੰਘ ਨੇ ਦੱਸਿਆ ਕਿ ਪਿਛਲੇ ਸਮੇਂ ਅੰਦਰ ਨਾ ਸਿਰਫ ਮੋਦੀ ਹਕੂਮਤ ਵੱਲੋਂ ਛੋਟੀ ਖੇਤੀ ਦੀ ਮੁਕੰਮਲ ਤਬਾਹੀ ਲਈ ਕਾਰਪੋਰੇਟ ਪੱਖੀ ਖੇਤੀ ਬਿੱਲ ਲਿਆਂਦੇ ਗਏ ਹਨ ਸਗੋਂ ਕਿਰਤ ਕਾਨੂੰਨਾਂ ਵਿੱਚ ਵੀ ਕਾਰਪੋਰੇਟ ਪੱਖੀ ਸੋਧਾਂ ਕੀਤੀਆਂ ਗਈਆਂ ਹਨ।