ਜੋਗਿੰਦਰ ਸਿੰਘ ਮਾਨ
ਮਾਨਸਾ, 1 ਮਈ
ਮਾਲਵਾ ਪੱਟੀ ਵਿੱਚ ਗਰਮੀ ਨੇ ਆਪਣੇ ਰੰਗ ਦਿਖਾਉਣੇ ਸ਼ੁਰੂ ਕਰ ਦਿੱਤੇ ਹਨ। ਲੂ ਲੱਗਣ ਕਾਰਨ ਉਲਟੀਆਂ, ਪੇਟ ਅਤੇ ਸਿਰ ਦਰਦ ਦੇ ਸ਼ਿਕਾਰ ਲੋਕ ਸਰਕਾਰੀ ਹਸਪਤਾਲਾਂ ਦਾ ਸਹਾਰਾ ਲੱਭਣ ਲੱਗੇ ਹਨ। ਇਸ ਤੋਂ ਇਲਾਵਾ ਛੋਟੀਆਂ ਉਗਰਦੀਆਂ ਫਸਲਾਂ ਮੱਚਣ ਲੱਗੀਆਂ ਹਨ, ਜਿਸ ਨੂੰ ਬਚਾਉਣ ਲਈ ਕਿਸਾਨਾਂ ਨੇ ਪਾਣੀ ਦੇਣਾ ਆਰੰਭ ਕਰ ਦਿੱਤਾ ਹੈ। ਖੇਤੀਬਾੜੀ ਮਹਿਕਮੇ ਵੱਲੋਂ ਕਿਸਾਨਾਂ ਨੂੰ ਆਪਣੀ ਫ਼ਸਲ ਬਚਾਉਣ ਲਈ ਲਗਾਤਾਰ ਪਾਣੀ ਦੇਣ ਦਾ ਸੱਦਾ ਦਿੱਤਾ ਗਿਆ ਹੈ। ਮਹਿਕਮੇ ਦਾ ਕਹਿਣਾ ਹੈ ਕਿ ਤਾਪਮਾਨ ਜ਼ਿਆਦਾ ਹੋਣ ਕਾਰਨ ਨਿੱਕੀਆਂ ਫਸਲਾਂ ਤੋਂ ਗਰਮੀ ਸਹਾਰੀ ਨਹੀਂ ਜਾ ਰਹੀ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮਾਹਿਰਾਂ ਵਲੋਂ ਲਗਾਤਾਰ ਸਬਜ਼ੀਆਂ, ਪਸ਼ੂਆਂ ਦੇ ਹਰੇ-ਚਾਰੇ ਨੂੰ ਪਾਣੀ ਲਾਉਣ ਲਈ ਕਿਸਾਨਾਂ ਨੂੰ ਪ੍ਰੇਰਿਆ ਜਾ ਰਿਹਾ ਹੈ। ਦੂਜੇ ਪਾਸੇ ਮਾਲਵਾ ਪੱਟੀ ਦੇ ਇਸ ਖੇਤਰ ਦਾ ਤਾਪਮਾਨ ਰਾਜ ਦੇ ਹੋਰਨਾਂ ਹਿੱਸਿਆਂ ਨਾਲੋਂ ਵੱਧ ਰਹਿੰਦਾ ਹੈ, ਜਿਸ ਕਰਕੇ ਗਰਮੀ ਦੇ ਦਿਨਾਂ ’ਚ ਇਥੇ ਮਰੀਜ਼ਾਂ ਦੀ ਗਿਣਤੀ ਵੀ ਹੋਰ ਥਾਵਾਂ ਨਾਲੋਂ ਜ਼ਿਆਦਾ ਹੋਣ ਲੱਗੀ ਹੈ। ਮਾਨਸਾ ਦੇ ਸਿਵਲ ਹਸਪਤਾਲ ਵਿਚ ਪਿੰਡਾਂ ’ਚੋਂ ਆਉਣ ਵਾਲੇ ਮਰੀਜ਼ ਖੰਘ, ਅੱਖਾਂ ਖਰਾਬ, ਬੁਖਾਰ, ਉਲਟੀਆਂ, ਮਲੇਰੀਆ, ਟਾਈਫਾਈਡ, ਪੀਲੀਆ ਅਤੇ ਪੇਟ ਦੀਆਂ ਬਿਮਾਰੀਆਂ ਤੋਂ ਪੀੜਤ ਹਨ। ਘਰਾਂ ’ਚ ਬਿਜਲੀ ਨਾ ਆਉਣ ਕਾਰਨ ਲੋਕਾਂ ਦੇ ਫਰਿੱਜ ਬੰਦ ਹਨ ਤੇ ਲੋਕ ਬਰਫ਼ ਖਰੀਦ ਕੇ ਗੁਜ਼ਾਰਾ ਕਰ ਰਹੇ ਹਨ।
ਇਸੇ ਦੌਰਾਨ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਪੰਜਾਬ ਸਰਕਾਰ ’ਤੇ ਦੋਸ਼ ਲਾਇਆ ਕਿ ਇਸ ਤੋਂ ਪਹਿਲਾਂ ਸਰਕਾਰ ਨੇ ਨਰਮੇ ਦੀ ਬਿਜਾਈ ਵੇਲੇ ਸਮੇਂ ਸਿਰ ਨਹਿਰੀ ਪਾਣੀ ਨਹੀਂ ਛੱਡਿਆ ਅਤੇ ਨਾ ਹੀ ਪਿਛਲੇ ਸਾਲ ਵਾਂਗ ਅੱਠ ਘੰਟੇ ਨਰਮੇ ਦੀ ਬਿਜਾਈ ਲਈ ਬਿਜਲੀ ਛੱਡੀ ਗਈ। ਉਨ੍ਹਾਂ ਕਿਹਾ ਕਿ ਇਸ ਵਾਰ ਫਸਲ ਸੜ ਰਹੀ ਹੈ, ਪਰ ਸਰਕਾਰ ਮੋਟਰਾਂ ਲਈ ਬਿਜਲੀ ਨਹੀਂ ਦੇ ਰਹੀ।
ਉਨ੍ਹਾਂ ਕਿਹਾ ਕਿ ਪਾਣੀ ਨਾ ਦੇਣ ਕਾਰਨ ਇਸ ਤੋਂ ਪਹਿਲਾਂ ਕਿਸਾਨੀਂ ਨੂੰ ਵੱਡੀ ਸੱਟ ਵੱਜ ਚੁੱਕੀ ਹੈ ਅਤੇ ਨਰਮੇ ਹੇਠਲਾ 35 ਫ਼ੀਸਦ ਰਕਬਾ ਪਿਛਲੇ ਸਾਲ ਦੇ ਮੁਕਾਬਲੇ ਘੱਟ ਗਿਆ ਹੈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਫ਼ਸਲਾਂ ਬਚਾਉਣ ਲਈ ਖੇਤੀ ਮੋਟਰਾਂ ਵਾਸਤੇ 12 ਘੰਟੇ ਬਿਜਲੀ ਸਪਲਾਈ ਦੀ ਜ਼ਰੂਰਤ ਹੈ ਤੇ ਸਰਕਾਰ ਇਸ ਮੰਗ ਨੂੰ ਛੇਤੀ ਪੂਰਾ ਕਰੇ।