ਪਰਸ਼ੋਤਮ ਬੱਲੀ
ਬਰਨਾਲਾ, 3 ਦਸੰਬਰ
ਬਰਨਾਲਾ ਸਟੇਸ਼ਨ ਪਾਰਕਿੰਗ ਵਿਖੇ ਤਿੰਨ ਖੇਤੀ ਵਿਰੋਧੀ ਕਾਨੂੰਨਾਂ, ਬਿਜਲੀ ਸੋਧ ਬਿਲ-2020 ਅਤੇ ਪਰਾਲੀ ਸਾੜਨ ਸਬੰਧੀ ਨੋਟੀਫਿਕੇਸ਼ਨ ਰੱਦ ਕਰਵਾਉਣ ਦੀ ਮੰਗ ਨੂੰ ਲੈ ਕੇ ਲੱਗੇ ਸਾਂਝੇ ਕਿਸਾਨ ਮੋਰਚੇ ‘ਚ ਅੱਜ ਦੇ ਦਿਨ 2-3 ਦਸੰਬਰ 1984 ਦੀ ਦਰਮਿਆਨੀ ਰਾਤ ਨੂੰ ਭੁਪਾਲ ਵਿਖੇ ਅਮਰੀਕੀ ਕੰਪਨੀ ਵਿੱਚੋਂ ਜ਼ਹਿਰੀਲੀ ਗੈਸ ਰਿਸਣ ਨਾਲ ਮੌਤ ਦੇ ਮੂੰਹ ‘ਚ ਗਏ ਹਜ਼ਾਰਾਂ ਨਿਰਦੋਸ਼ ਲੋਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਨਾਮਵਰ ਐਡਵੋਕੇਟ ਜਗਜੀਤ ਸਿੰਘ ਢਿੱਲੋਂ ਨੇ ਸ਼ਾਮਿਲ ਹੋਕੇ 10 ਹਜ਼ਾਰ ਦੀ ਸਹਾਇਤਾ ਰਾਸ਼ੀ ਸੰਚਾਲਨ ਕਮੇਟੀ ਨੂੰ ਸੌਂਪੀ। ਅੱਜ ਦੇ ਬੁਲਾਰਿਆਂ ‘ਚ ਸ਼ਾਮਿਲ ਬਲਵੰਤ ਸਿੰਘ ਉੱਪਲੀ, ਗੁਰਦੇਵ ਸਿੰਘ ਮਾਂਗੇਵਾਲ, ਪ੍ਰੇਮਪਾਲ ਕੌਰ, ਗੁਰਚਰਨ ਸਿੰਘ, ਹਰਚਰਨ ਚੰਨਾ, ਕਰਨੈਲ ਸਿੰਘ ਗਾਂਧੀ , ਜਸਪਾਲ ਸਿੰਘ ਚੀਮਾ, ਖੁਸ਼ੀਆ ਸਿੰਘ, ਗੁਰਮੇਲ ਰਾਮ ਸ਼ਰਮਾ, ਗੁਰਚਰਨ ਸਿੰਘ ਐਡਵੋਕਟ ਆਦਿ ਨੇ ਮੋਦੀ ਸਰਕਾਰ ਦੇ ਹਿਟਲਰੀ ਰਵੱਈਏ ਦੀ ਜੰਮ ਕੇ ਨਿੰਦਾ ਕੀਤੀ। ਇਸ ਤੋਂ ਇਲਾਵਾ ਜ਼ਿਲ੍ਹੇ ‘ਚ ਵੱਖ-ਵੱਖ ਥਾਵਾਂ ‘ਤੇ ਚੱਲ ਰਹੀਆਂ ਸੰਘਰਸ਼ੀ ਥਾਵਾਂ ਉੱਪਰ ਮਲਕੀਤ ਸਿੰਘ ਈਨਾ, ਪਰਮਿੰਦਰ ਸਿੰਘ ਹੰਢਿਆਇਆ, ਭੋਲਾ ਸਿੰਘ ਛੰਨਾਂ, ਗੁਰਮੇਲ ਸਿੰਘ ਠੁੱਲੀਵਾਲ, ਮੇਜਰ ਸਿੰਘ ਸੰਘੇੜਾ, ਅਜਮੇਰ ਸਿੰੰਘ ਕਾਲਸਾਂ, ਪਿਸ਼ੌਰਾ ਸਿੰਘ ਹਮੀਦੀ, ਜਸਵੰਤ ਸਿੰਘ , ਭੋਲਾ ਸਿੰਘ, ਅਜਮੇਰ ਸਿੰਘ, ਮਹਿੰਦਰ ਸਿੰਘ, ਹਰਚਰਨ ਚਹਿਲ, ਜਗਤਾਰ ਸਿੰਘ ਮੂੰਮ, ਪਰਮਜੀਤ ਕੌਰ ਠੀਕਰੀਵਾਲ, ਸ਼ਿੰਦਰ ਕੌਰ, ਸਰਬਜੀਤ ਕੌਰ, ਮਨਜੀਤ ਰਾਜ, ਮੇਲਾ ਸਿੰਘ ਕੱਟੂ ਆਦਿ ਆਗੂਆਂ ਸੰਬੋਧਨ ਕਰਦਿਆਂ ਜੋਸ਼ ਭਰਿਆ।
ਜਨਕ ਰਾਜ ਦੇ ਪਰਿਵਾਰ ਨੂੰ ਇੱਕ ਲੱਖ ਰੁਪਏ ਦੀ ਸਹਾਇਤਾ ਦਾ ਐਲਾਨ
ਸ਼ਹਿਣਾ (ਪੱਤਰ ਪੇ੍ਰਕ): ਗ੍ਰਾਮ ਪੰਚਾਇਤ ਸ਼ਹਿਣਾ ਵੱਲੋਂ ਦਿੱਲੀ ਸੰਘਰਸ਼ ‘ਚ ਕਾਰ ਦੁਰਘਟਨਾ ’ਚ ਮਾਰੇ ਗਏ ਜਨਕ ਰਾਜ ਧਨੌਲਾ ਦੇ ਪਰਿਵਾਰ ਨੂੰ ਇੱਕ ਲੱਖ ਰੁਪਏ ਦੀ ਸਹਾਇਤਾ ਦਿੱਤੀ ਜਾਵੇਗੀ। ਕਾਂਗਰਸੀ ਆਗੂ ਸੁਖਵਿੰਦਰ ਸਿੰਘ ਕਲਕੱਤਾ ਨੇ ਦੱਸਿਆ ਕਿ ਇਹ ਰਾਸ਼ੀ ਐੱਨਆਰਆਈ ਭਰਾਵਾਂ ਨੇ ਭੇਜੀ ਹੈ। ਇਹ ਰਾਸ਼ੀ ਸ਼ਹਿਣਾ ਪੰਚਾਇਤ ਕੋਲ ਪੁੱਜ ਚੁੱਕੀ ਹੈ ਅਤੇ ਜਲਦੀ ਹੀ ਜਨਕ ਰਾਜ ਦੇ ਪਰਿਵਾਰ ਤੱਕ ਪਹੁੰਚਾ ਦਿੱਤੀ ਜਾਵੇਗੀ।
ਅੰਦੋਲਨਕਾਰੀ ਟਰੈਕਟਰਾਂ ਦੀਆਂ ਟੈਂਕੀਆਂ ਮੁਫ਼ਤ ਵਿੱਚ ਕੀਤੀਆਂ ਜਾ ਰਹੀਆਂ ਫੁੱਲ
ਸ੍ਰੀ ਮੁਕਤਸਰ ਸਾਹਿਬ (ਪੱਤਰ ਪੇ੍ਰਕ): ਕਿਸਾਨ ਅੰਦੋਲਨ ਲੋਕਾਂ ਦੇ ਸਿਰ ਚੜ੍ਹ ਕੇ ਬੋਲਣ ਲੱਗਿਆ ਹੈ ਜਿਸ ਦੇ ਚੱਲਦਿਆਂ ਲੋਕ ਇਸ ਅੰਦੋਲਨ ‘ਚ ਹਿੱਸਾ ਪਾਉਣ ਲਈ ਉਤਾਵਲੇ ਹਨ। ਅਜਿਹੇ ਹੀ ਇਕ ਕਾਰੋਬਾਰੀ ਤੇ ਅਗਾਂਹਵਧੂ ਕਿਸਾਨ ਪਰਮਜੀਤ ਸਿੰਘ ਬਿੱਲੂ ਸਿੱਧੂ ਵੱਲੋਂ ਦਿੱਲੀ ਧਰਨੇ ਵਿੱਚ ਸ਼ਾਮਲ ਹੋਣ ਲਈ ਜਾ ਰਹੇ ਕਿਸਾਨਾਂ ਦੇ ਟਰੈਕਟਰਾਂ ਵਿੱਚ ਮੁਫਤ ਡੀਜ਼ਲ ਪਾਉਣਾ ਸ਼ੁਰੂ ਕਰ ਦਿੱਤਾ ਹੈ। ਸ੍ਰੀ ਬਿੱਲੂ ਸਿੱਧੂ ਨੇ ਦੱਸਿਆ ਕਿ ਇਹ ਕਿਸਾਨ ਅੰਦੋਲਨ ਕਿਸੇ ਇਕ ਵਿਅਕਤੀ ਜਾਂ ਵਰਗ ਦਾ ਨਹੀਂ ਸਗੋਂ ਸਮੂਹ ਪੰਜਾਬੀਆਂ ਦਾ ਹੈ। ਉਨ੍ਹਾਂ ਕਿਹਾ ਕਿ ਡਾਕਟਰ ਕੇਹਰ ਸਿੰਘ ਐਂਡ ਸੰਨਜ਼ (ਈਐਸਐਸਆਰ) ਪੈਟਰੋਲ ਪੰਪ ਜੋ ਡਾਕਟਰ ਕੇਹਰ ਸਿੰਘ ਮਾਰਗ ਸ੍ਰੀ ਮੁਕਤਸਰ ਸਾਹਿਬ ਉਪਰ ਸਥਿਤ ਹੈ, ਤੋਂ ਕੋਈ ਵੀ ਦਿੱਲੀ ਜਾਣ ਵਾਲਾ ਟਰੈਕਟਰ ਆਪਣੀ ਟੈਂਕੀ ਮੁਫਤ ਭਰਵਾ ਸਕਦਾ ਹੈ। ਇਸ ਵਾਸਤੇ ਉਨ੍ਹਾਂ ਬਕਾਇਦਾ ਆਪਣੇ ਮੋਬਾਈਲ ਸੰਪਰਕ ਨੰਬਰ 98143-62303, 97802-00093 ਅਤੇ 98159-10093 ਵੀ ਜਾਰੀ ਕੀਤਾ ਹੈ। ਸ੍ਰੀ ਬਿੱਲੂ ਸਿੱਧੂ ਦੇ ਇਸ ਯਤਨ ਦੀ ਲੋਕਾਂ ਵੱਲੋਂ ਭਰਵੀਂ ਸ਼ਲਾਘਾ ਕੀਤੀ ਜਾ ਰਹੀ ਹੈ।
ਮੁਕਤਸਰੀਆਂ ਵੱਲੋਂ ਕਿਸਾਨਾਂ ਦੇ ਹੱਕ ’ਚ ਮਾਰਚ
ਸ੍ਰੀ ਮੁਕਤਸਰ ਸਾਹਿਬ (ਗੁਰਸੇਵਕ ਸਿੰਘ ਪ੍ਰੀਤ): ਕਿਸਾਨ ਅੰਦੋਲਨ ਦੀ ਹਮਾਇਤ ਵਿੱਚ ਪੇਂਡੂ ਵਰਗ ਦੇ ਨਾਲ-ਨਾਲ ਹੁਣ ਸ਼ਹਿਰੀ ਵਰਗ ਵੀ ਜੁੜਨ ਲੱਗਿਆ ਹੈ ਜਿਸ ਦੇ ਚੱਲਦਿਆਂ ਅੱਜ ਲੇਖਕ ਤੇ ਮੁਲਾਜ਼ਮ ਵਰਗ ਨੇ ਸ਼ਹਿਰ ਵਿੱਚ ਮਾਰਚ ਕਰਕੇ ਇਸ ਧਰਨੇ ਦੀ ਹਮਾਇਤ ਦਾ ਐਲਾਨ ਕੀਤਾ। ਇਸ ਮੌਕੇ ਰੈਲੀ ਦੀ ਅਗਵਾਈ ਕਰਦਿਆਂ ਡਾ. ਪਰਮਜੀਤ ਸਿੰਘ ਢੀਂਗਰਾ, ਹਰਪਿੰਦਰ ਰਾਣਾ, ਪ੍ਰੋ. ਲਖਵੀਰ ਸਿੰਘ, ਅਮਰਜੀਤ ਪਾਲ ਸ਼ਰਮਾ, ਲਖਵੀਰ ਸਿੰਘ ਹਰੀਕੇ, ਕਾਲਾ ਸਿੰਘ ਖੂੰਨਣ ਅਤੇ ਤਰਸੇਮ ਸਿੰਘ ਖੁੰਡੇ ਹਲਾਲ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਹੁਣ ਤਾਨਾਸ਼ਾਹੀ ਰਵੱਈਆ ਅਪਣਾ ਰਹੀ ਹੈ ਜਿਸ ਕਰਕੇ ਲੋਕਾਂ ‘ਚ ਭਾਰੀ ਰੋਸ ਭਰਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਹੁਣ ਸਿਰਫ ਕਿਸਾਨਾਂ ਦਾ ਨਹੀਂ ਸਗੋਂ ਸਮਾਜ ਦੇ ਹਰ ਵਰਗ ਦੇ ਦੇਸ਼ ਦੇ ਹਰ ਨਾਗਰਿਕ ਦਾ ਅੰਦੋਲਨ ਬਣ ਗਿਆ ਹੈ ਤੇ ਇਸਦਾ ਸਿੱਧਾ ਨਿਸ਼ਾਨਾ ਮੋਦੀ ਸਰਕਾਰ ਦੀ ਧੱਕੇਸ਼ਾਹੀ ਨੂੰ ਮੋੜਨਾ ਹੈ।
ਕਿਸਾਨ ਔਰਤਾਂ ਨੇ ਕੰਗਨਾ ਰਣੌਤ ਨੂੰ ਪਾਈਆਂ ਲਾਹਣਤਾਂ
ਭੁੱਚੋ ਮੰਡੀ (ਪੱਤਰ ਪੇ੍ਰਕ): ਭਾਕਿਯੂ ਉਗਰਾਹਾਂ ਵੱਲੋਂ ਖੇਤੀ ਕਾਨੂੰਨਾਂ ਖ਼ਿਲਾਫ਼ ਲਹਿਰਾ ਬੇਗਾ ਟੌਲ ਪਲਾਜ਼ਾ ਅਤੇ ਬੈਸਟ ਪ੍ਰਾਈਸ ਅੱਗੇ ਚੱਲ ਰਹੇ ਮੋਰਚੇ ਅੱਜ 64ਵੇਂ ਦਿਨ ਵੀ ਜਾਰੀ ਰਹੇ। ਬੈਸਟ ਪ੍ਰਾਈਸ ਮੋਰਚੇ ਵਿੱਚ ਕਿਸਾਨ ਔਰਤਾਂ ਨੇ ਕੰਗਣਾ ਰਣੌਤ ਨੂੰ ਰੱਜ ਕੇ ਲਾਹਣਤਾਂ ਪਾਈਆਂ ਅਤੇ ਉਸ ਖ਼ਿਲਾਫ਼ ਜੋਸ਼ੀਲੇ ਨਾਅਰੇ ਲਗਾਏ। ਇਸ ਮੌਕੇ ਆਗੂ ਸੁਖਜੀਤ ਕੌਰ, ਜਸਵੀਰ ਕੌਰ, ਜਸਵੰਤ ਕੌਰ, ਦਵਿੰਦਰ ਕੌਰ, ਭੂਰੋ ਕੌਰ, ਜਸਮੇਲ ਕੌਰ ਅਤੇ ਕੁਲਦੀਪ ਕੌਰ ਨੇ ਕਿਹਾ ਕਿ ਕਿਸਾਨ ਸੰਘਰਸ਼ਾਂ ਵਿੱਚ ਵੱਡਾ ਯੋਗਦਾਨ ਪਾਉਣ ਵਾਲੀ ਮਾਤਾ ਮਹਿੰਦਰ ਕੌਰ ਨੂੰ ਸੌ ਰੁਪਏ ਦੀ ਦਿਹਾੜੀਦਾਰ ਕਹਿਣਾ ਸ਼ਰਮ ਵਾਲੀ ਗੱਲ ਹੈ। ਲਹਿਰਾ ਬੇਗਾ ਟੌਲ ਪਲਾਜ਼ਾ ਮੋਰਚੇ ਵਿੱਚ ਕਿਸਾਨ ਆਗੂ ਦਰਸ਼ਨ ਸਿੰਘ ਮਾਈਸਰ ਖਾਨਾ ਅਤੇ ਮੋਠੂ ਸਿੰਘ ਕੋਟੜਾ ਨੇ ਕਿਹਾ ਕਿ ਮੋਦੀ ਸਰਕਾਰ ਮੀਟਿੰਗਾਂ ਦਾ ਸਿਲਸਿਲਾ ਲੰਮਾ ਕਰਕੇ ਕਿਸਾਨਾਂ ਦਾ ਸਬਰ ਪਰਖ ਰਹੀ ਹੈ। ਉਨ੍ਹਾਂ ਕਿਹਾ ਕਿ ਦਿੱਲੀ ਸੰਘਰਸ਼ ਵਿੱਚ ਹੋਰ ਕਿਸਾਨਾਂ ਨੂੰ ਭੇਜਣ ਅਤੇ ਰਾਸ਼ਨ ਆਦਿ ਦੇ ਪ੍ਰਬੰਧ ਜਾਰੀ ਹਨ।