ਪੱਤਰ ਪ੍ਰੇਰਕ
ਭੁੱਚੋ ਮੰਡੀ, 17 ਜੂਨ
ਵਾਰਡ ਨੰਬਰ 5 ਦੇ ਰਿਹਾਇਸ਼ੀ ਮਕਾਨਾਂ ਵਿੱਚ ਪਿਛਲੇ ਲੰਮੇ ਸਮੇਂ ਤੋਂ ਚੱਲ ਰਹੀਆਂ ਮੀਟ ਦੀਆਂ ਦੁਕਾਨਾਂ ਤੋਂ ਪ੍ਰੇਸ਼ਾਨ ਵਾਰਡ ਵਾਸੀਆਂ ਨੇ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਮੰਗ ਪੱਤਰ ਦੇ ਕੇ ਤੁਰੰਤ ਦੁਕਾਨਾਂ ਬੰਦ ਕਰਵਾਉਣ ਦੀ ਮੰਗ ਕੀਤੀ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਨਗਰ ਕੌਂਸਲ ਨੇ ਕੋਈ ਸੁਣਵਾਈ ਨਾ ਕੀਤੀ, ਤਾਂ ਉਹ ਤਿੱਖਾ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੇ ਅਤੇ ਖੂੰਖਾਰ ਕੁੱਤਿਆਂ ਵੱਲੋਂ ਕੀਤੇ ਗਏ ਕਿਸੇ ਬੱਚੇ ਦੇ ਜਾਨੀ ਨੁਕਸਾਨ ਦੀ ਜ਼ਿੰਮੇਵਾਰ ਵੀ ਨਗਰ ਕੌਂਸਲ ਹੋਵੇਗੀ।
ਇਸ ਮੌਕੇ ਵਾਰਡ ਵਾਸੀ ਸੁਨੀਤਾ ਰਾਣੀ, ਊਸ਼ਾ ਰਾਣੀ, ਬਾਬੀ, ਸੀਮਾ, ਸੰਤੋਸ਼, ਰੇਖਾ ਰਾਣੀ, ਸੰਸਾਰੀ ਲਾਲ ਸਿੰਗਲਾ, ਜੀਵਨ ਕੁਮਾਰ, ਪਰਦੀਪ ਕੁਮਾਰ, ਰਿੱਕੀ ਅਤੇ ਅਸ਼ਵਨੀ ਕੁਮਾਰ ਨੇ ਕਿਹਾ ਕਿ ਮੀਟ ਦੇ ਕੁੱਝ ਕਾਰੋਬਾਰੀਆਂ ਨੇ ਆਪਣੀਆਂ ਦੁਕਾਨਾਂ ਕਿਸੇ ਖੁਲ੍ਹੇ ਥਾਂ ਵਿੱਚ ਖੋਲ੍ਹਣ ਦੀ ਬਜਾਏ, ਬਿਲਕੁਲ ਰਿਹਾਇਸ਼ੀ ਘਰਾਂ ਵਿੱਚ ਖੋਲ੍ਹੀਆਂ ਹੋਈਆਂ ਹਨ।
ਇਸ ਕਾਰਨ ਕੁੱਤੇ ਆਦਿ ਮੀਟ ਦੇ ਟੁਕੜੇ ਅਤੇ ਹੱਡੀਆਂ ਆਦਿ ਘਰਾਂ ਅੱਗੇ ਸੁੱਟ ਜਾਂਦੇ ਹਨ। ਇਹ ਕੁੱਤੇ ਖੂੰਖਾਰ ਹੋਣ ਕਾਰਨ ਬੱਚਿਆਂ ਦੇ ਜਾਨੀ ਨੁਕਸਾਨ ਦਾ ਖ਼ਦਸ਼ਾ ਬਣਿਆ ਰਹਿੰਦਾ ਹੈ।