ਅੰਮ੍ਰਿਤਪਾਲ ਸਿੰਘ ਧਾਲੀਵਾਲ
ਰੂੜੇਕੇ ਕਲਾਂ, 25 ਜੁਲਾਈ
ਨੇੜਲੇ ਪਿੰਡ ਧੌਲਾ ਦੇ ਕਿਸਾਨਾਂ ਦੇ ਖੇਤ ਵਿੱਚ ਫੈਕਟਰੀ ਦਾ ਜ਼ਹਿਰੀਲਾ ਪਾਣੀ ਭਰਨ ਕਾਰਨ ਫਸਲ ਬਿਲਕੁਲ ਬਰਬਾਦ ਹੋ ਗਈ ਹੈ ਅਤੇ ਉਨ੍ਹਾਂ ਦੇ ਸੁਪਨੇ ਚਕਨਾਚੂਰ ਹੋ ਗਏ ਹਨ। ਪੀੜਤ ਕਿਸਾਨਾਂ ਮੇਹਰ ਸਿੰਘ ਗੁਰਜੰਟ ਸਿੰਘ ਅਤੇ ਜੀਤ ਸਿੰਘ ਨੇ ਦੁਖੀ ਮਨ ਨਾਲ ਦੱਸਿਆ ਕਿ ਉਨ੍ਹਾਂ ਨੇ 67 ਹਜ਼ਾਰ ਰੁਪਏ ਪ੍ਰਤੀ ਏਕੜ ਨੂੰ ਜ਼ਮੀਨ ਠੇਕੇ ’ਤੇ ਲੈ ਕੇ ਝੋਨੇ ਤੇ ਨਰਮੇ ਦੀ ਫਸਲ ਦੀ ਬੀਜਾਂਦ ਅਗੇਤੀ ਕਰ ਦਿੱਤੀ ਸੀ ਪਰ ਪਿਛਲੇ ਦਿਨੀਂ ਪਏ ਭਾਰੀ ਮੀਂਹਾਂ ਕਾਰਨ ਖੇਤ ਦੇ ਕੋਲ ਦੀ ਲੰਘਦੀ ਡਰੇਨ ਵਿੱਚ ਪਾਣੀ ਜ਼ਿਆਦਾ ਆ ਗਿਆ ਤੇ ਉਨ੍ਹਾਂ ਦੀ ਫਸਲ ਪੂਰੀ ਤਰ੍ਹਾਂ ਬਰਬਾਦ ਹੋ ਗਈ। ਉਨ੍ਹਾਂ ਟਰਾਈਡੈਂਟ ਫੈਕਟਰੀ ’ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਇਸ ਡਰੇਨ ਵਿੱਚ ਫੈਕਟਰੀ ਦਾ ਕੈਮੀਕਲ ਵਾਲਾ ਪਾਣੀ ਪੈਂਦਾ ਹੈ ਜੋ ਅੱਗੇ ਆ ਕੇ ਉਨ੍ਹਾਂ ਦੀਆਂ ਫਸਲਾਂ ਵਿਚ ਪੈ ਗਿਆ ਹੈ। ਡਰੇਨ ਦਾ ਕੈਮੀਕਲ ਵਾਲਾ ਪਾਣੀ ਫਸਲਾਂ ਵਿੱਚ ਪੈਣ ਕਾਰਨ ਫਸਲਾਂ ਗਲ ਸੜ ਗਈਆਂ ਹਨ। ਪੀੜਤ ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਦੀ ਦਸ ਏਕੜ ਫਸਲ ਤਬਾਹ ਹੋ ਗਈ ਹੈ ਜਿਸ ’ਤੇ ਪ੍ਰਤੀ ਏਕੜ ਦਸ ਹਜ਼ਾਰ ਖਰਚਾ ਹੁਣ ਹੋ ਚੁੱਕਾ ਹੈ। ਇਸ ਮੌਕੇ ਹਾਜ਼ਰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਇਕਾਈ ਪ੍ਰਧਾਨ ਬਲਜਿੰਦਰ ਸਿੰਘ ਧੌਲਾ ਨੇ ਕਿਹਾ ਕਿ ਪੀੜਤ ਕਿਸਾਨਾਂ ਨੂੰ 70 ਹਜ਼ਾਰ ਪ੍ਰਤੀ ਏਕੜ ਮੁਆਵਜ਼ਾਂ ਟਰਾਈਡੈਂਟ ਉਦਯੋਗ ਸਮੂਹ ਦੇਵੇ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੇ ਜੇ ਇਸ ਡਰੇਨ ਦੀ ਸਫ਼ਾਈ ਨਾ ਕਰਵਾਈ ਤਾਂ ਉਹ ਪ੍ਰਸ਼ਾਸਨ ਖ਼ਿਲਾਫ ਵੀ ਸਖ਼ਤ ਰੁੱਖ ਅਪਣਾਉਣਗੇ। ਟਰਾਈਡੈਂਟ ਦੇ ਐਡਮਿਨ ਹੈੱਡ ਰੁਪਿੰਦਰ ਗੁਪਤਾ ਨੇ ਕਿਹਾ ਕਿ ਉਨ੍ਹਾਂ ਦੀ ਫੈਕਟਰੀ ਦਾ ਪਾਣੀ ਪਿਛਲੇ ਡੇਢ ਮਹੀਨੇ ਤੋਂ ਬੰਦ ਹੈ ਅਤੇ ਇਸ ਡਰੇਨ ਵਿੱਚ ਕੁਝ ਹੋਰ ਕੰਪਨੀਆਂ ਦਾ ਪਾਣੀ ਤੇ ਧਨੌਲਾ ਸ਼ਹਿਰ ਦੇ ਸੀਵਰ ਦਾ ਪਾਣੀ ਵੀ ਆ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਕਿਸਾਨ ਆਗੂ ਹਰ ਗੱਲ ਉਟ੍ਹਾਂ ਸਿਰ ਲਗਾ ਦਿੰਦੇ ਹਨ।
ਫੈਕਟਰੀ ਪਾਣੀ ਦੇ ਸੈਂਪਲ ਲਏ
ਜ਼ੀਰਾ (ਪੱਤਰ ਪ੍ਰੇਰਕ) ਪਿੰਡ ਮਹੀਆਂ ਵਾਲਾ ਕਲਾਂ ’ਚ ਬੋਰ ’ਚ ਦੂਸ਼ਿਤ ਪਾਣੀ ਆਉਣ ਕਾਰਨ ਪਿੰਡ ਰਟੌਲ ਸਥਿਤ ਸ਼ਰਾਬ ਫੈਕਟਰੀ ਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ‘ਚੋਂ ਪਾਣੀ ਦੇ ਸੈਂਪਲ ਲਏ ਗਏ ਤੇ ਸੈਂਪਲਾਂ ਦੀ ਰਿਪੋਰਟ ਆਉਣ ਤੋਂ ਬਾਅਦ ਯੋਗ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਐੱਸਡੀਐੱਮ ਇੰਦਰਪਾਲ ਨੇ ਦੱਸਿਆ ਕਿ ਇਲਾਕੇ ਦੇ ਲੋਕਾਂ ‘ਚ ਦੂਸ਼ਿਤ ਪਾਣੀ ਨੂੰ ਲੈ ਕੇ ਭਾਰੀ ਰੋਸ ਏ ,ਜਿਸ ਤੋਂ ਬਾਅਦ ਫੈਕਟਰੀ ‘ਚੋਂ ਨਿਕਲਣ ਵਾਲੇ ਤੇ ਇਸ ਦੇ ਆਸ ਪਾਸ ਦੇ ਇਲਾਕੇ ‘ਚੋਂ ਪਾਣੀ ਦੇ ਸੈਂਪਲ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਲਏ ਗਏ ਹਨ ਤੇ ਇਹ ਸੈਂਪਲ ਸਬੰਧਿਤ ਲੈਬਾਰਟਰੀ ਵਿੱਚ ਟੈਸਟ ਲਈ ਭੇਜ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਟੈਸਟਾਂ ਦੀ ਰਿਪੋਰਟ ਕਰੀਬ ਤਿੰਨ ਦਿਨਾਂ ਤੱਕ ਆਵੇਗੀ ਤੇ ਰਿਪੋਰਟ ਆਉਣ ਤੋਂ ਬਾਅਦ ਯੋਗ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।