ਪੱਤਰ ਪ੍ਰੇਰਕ
ਭੁੱਚੋ ਮੰਡੀ, 3 ਜੂਨ
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਔਰਤ ਵਿੰਗ ਵੱਲੋਂ ਪਿੰਡ ਭੁੱਚੋ ਖੁਰਦ, ਚੱਕ ਬਖਤੂ, ਚੱਕ ਰਾਮ ਸਿੰਘ ਵਾਲਾ ਅਤੇ ਤੁੰਗਵਾਲੀ ਵਿੱਚ ਪਾਣੀ ਦੀ ਸੰਭਾਲ ਸਬੰਧੀ ਜਾਗਰੂਕਤਾ ਮੁਹਿੰਮ ਤਹਿਤ ਦਿੱਤੇ ਜਾਣ ਵਾਲੇ ਪੰਜ ਰੋਜ਼ਾ ਧਰਨਿਆਂ ਦੀ ਤਿਆਰੀ ਵਜੋਂ ਲਾਮਬੰਦੀ ਮੀਟਿੰਗਾਂ ਕੀਤੀਆਂ ਗਈਆਂ। ਇਸ ਮੌਕੇ ਬਲਾਕ ਆਗੂ ਕਰਮਜੀਤ ਕੌਰ ਲਹਿਰਾ ਖਾਨਾ, ਸੁਖਜੀਤ ਕੌਰ, ਬਲਾਕ ਆਗੂ ਸੰਤੋਖ ਸਿੰਘ, ਮੰਦਰ ਸਿੰਘ ਨਾਗਰਾ ਅਤੇ ਚਰਨਜੀਤ ਕੌਰ ਭੁੱਚੋ ਖੁਰਦ ਨੇ ਔਰਤਾਂ ਨੂੰ ਕਿਹਾ ਕਿ ਉਹ 6 ਜੂਨ ਤੋਂ 10 ਜੂਨ ਤੱਕ ਪਿੰਡਾਂ ਦੇ ਜਲ ਘਰਾਂ ’ਤੇ ਲਗਾਏ ਜਾਣ ਵਾਲੇ ਧਰਨਿਆਂ ਵਿੱਚ ਵੱਡੀ ਸ਼ਮੂਲੀਅਤ ਕਰਨ।
ਪੱਖੋ ਕੈਂਚੀਆਂ (ਪੱਤਰ ਪ੍ਰੇਰਕ): ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਸੂਬਾ ਕਮੇਟੀ ਦੇ ਸੱਦੇ ਅਨੁਸਾਰ ਤੇ ਪਾਣੀ ਬਚਾਓ ਮੁਹਿੰਮ ਤਹਿਤ ਬਲਾਕ ਸ਼ਹਿਣਾ ਦੇ ਪ੍ਰਧਾਨ ਸੁਖਦੇਵ ਸਿੰਘ ਭੋਤਨਾ ਦੀ ਅਗਵਾਈ ਵਿੱਚ ਭਾਕਿਯੂ ਉਗਰਾਹਾਂ ਦੇ ਆਗੂਆਂ ਅਤੇ ਔਰਤਾਂ ਵਲੋਂ ਪਿੰਡ ਟੱਲੇਵਾਲ, ਰਾਮਗੜ੍ਹ, ਬਖਤਗੜ੍ਹ, ਭੋਤਨਾ, ਕੈਰੇ, ਚੀਮਾ, ਜਗਜੀਤਪੁਰਾ ਅਤੇ ਉਗੋਕੇ ਆਦਿ ਪਿੰਡਾਂ ਵਿਚ ਭਰਵੀਆਂ ਮੀਟਿੰਗਾਂ ਕਰ ਕੇ ਪਾਣੀ ਬਚਾਉ ਮੁਹਿੰਮ ਤਹਿਤ ਜਾਗਰੂਕ ਕੀਤਾ ਗਿਆ।