ਨਿੱਜੀ ਪੱਤਰ ਪ੍ਰੇਰਕ
ਮੋਗਾ, 16 ਜੁਲਾਈ
ਕੇਂਦਰੀ ਜਲ ਸ਼ਕਤੀ ਅਭਿਆਨ ਮਿਸ਼ਨ ਦੇ ਚੀਫ਼ ਨੋਡਲ ਅਫ਼ਸਰ ਕਾਜਲ ਸਿੰਘ ਆਈਆਰਐਸ, ਸਮਾਜਿਕ ਨਿਆਂ ਤੇ ਸਸ਼ਕਤੀਕਰਨ ਵਿਭਾਗ ਅਤੇ ਸੈਂਟਰਲ ਗਰਾਊਂਡ ਵਾਟਰ ਬੋਰਡ ਆਫ ਜਲ ਸ਼ਕਤੀ ਦੇ ਟੈਕਨੀਕਲ ਅਫ਼ਸਰ ਅਦਿੱਤਿਆ ਸ਼ਰਮਾ (ਸਾਇੰਸਦਾਨ) ਦੀ ਅਗਵਾਈ ਹੇਠ ਕੇਂਦਰੀ ਟੀਮ ਨੇ ‘ਜਲ ਸ਼ਕਤੀ ਅਭਿਆਨ; ਕੈਚ ਦਿ ਰੇਨ’ ਮਹਿੰਮ ਤਹਿਤ ਵੱਖ-ਵੱਖ ਪ੍ਰਾਜੈਕਟਾਂ ਦਾ ਦੌਰਾ ਕੀਤਾ ਗਿਆ। ਕੇਂਦਰੀ ਟੀਮ ਨੇ ਕਿਹਾ ਕਿ ਜ਼ਿਲ੍ਹੇ ਦੇ ਪੰਜੇ ਬਲਾਕ ਡਾਰਕ ਜ਼ੋਨ ਵਿਚ ਹਨ ਅਤੇ ਦੇਸ਼ ’ਚ ਮੀਂਹ ਦਾ ਬਹੁਤਾ ਪਾਣੀ ਬੇਕਾਰ ਚਲਾ ਜਾਂਦਾ ਹੈ। ਉਨ੍ਹਾਂ ਕਿਹਾ,‘‘ਜਿੰਨਾ ਮੀਂਹ ਦਾ ਪਾਣੀ ਸੰਭਾਲਿਆ ਜਾਵੇਗਾ, ਓਨੀ ਹੀ ਧਰਤੀ ਹੇਠਲੇ ਪਾਣੀ ’ਤੇ ਨਿਰਭਰਤਾ ਘਟੇਗੀ।’’ ਉਨ੍ਹਾਂ ਜਲ ਸੰਭਾਲ ਦੀਆਂ ਕੋਸ਼ਿਸ਼ਾਂ ’ਚ ਔਰਤਾਂ ਨੂੰ ਸ਼ਾਮਲ ਕਰਨ ਦੀ ਲੋੜ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਉਹ ਜਲ ਦੀ ਕੀਮਤ ਨੂੰ ਚੰਗੀ ਤਰ੍ਹਾਂ ਨਾਲ ਸਮਝਦੀਆਂ ਹਨ। ਕੇਂਦਰੀ ਟੀਮ ਨੇ ਜਿਲ੍ਹੇ ਦੇ ਪਿੰਡ ਰਣੀਆਂ, ਲੋਪੋਂ, ਨਿਹਾਲ ਸਿੰਘ ਵਾਲਾ ਅਤੇ ਪਿੰਡ ਦੀਨਾ ਵਿੱਚ ਬਣੇ ਸਾਂਝੇ ਜਲ ਤਲਾਬਾਂ (ਅੰਮ੍ਰਿਤ ਸਰੋਵਰ) ਨੂੰ ਦੇਖਿਆ ਗਿਆ ਅਤੇ ਮੀਂਹ ਦੇ ਪਾਣੀ ਨੂੰ ਇਕੱਠਾ ਕਰਕੇ ਧਰਤੀ ਵਿੱਚ ਜਜ਼ਬ ਕਰਨ ਦੇ ਉਪਰਾਲਿਆਂ ਦੀ ਸ਼ਲਾਘਾ ਕਰਦੇ ਕਿਹਾ ਕਿ ਜਲ ਸ਼ਕਤੀ ਅਭਿਆਨ ’ਚ ਸ਼ਹਿਰੀ ਅਤੇ ਪੇਂਡੂ ਇਲਾਕਿਆਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ ਤਾਂ ਜੋ ਜ਼ਮੀਨੀ ਪਾਣੀ ਦੇ ਲਗਾਤਾਰ ਹੇਠਾਂ ਡਿੱਗ ਰਹੇ ਪੱਧਰ ਨੂੰ ਬਚਾਇਆ ਜਾ ਸਕੇ ਟੀਮ ਵੱਲੋਂ ਮੋਗਾ ਸ਼ਹਿਰ ਵਿਖੇ ਲੱਗੇ ਸੀਵਰੇਜ ਟਰੀਟਮੈਂਟ ਪਲਾਂਟ ਦੁਆਰਾ ਸਾਫ਼ ਕੀਤੇ ਪਾਣੀ ਨੂੰ ਖੇਤਾਂ ਦੀ ਸਿੰਜਾਈ ਲਈ ਵਰਤੇ ਜਾਣ ਦੇ ਪ੍ਰਾਜੈਕਟ ਦਾ ਮੁਆਇਨਾ ਵੀ ਕੀਤਾ। ਜ਼ਿਲ੍ਹਾ ਮੋਗਾ ਵਿੱਚ ਪੰਚਾਇਤ ਵਿਭਾਗ ਵੱਲੋਂ ਵੱਖ ਵੱਖ ਪਿੰਡਾਂ ਵਿੱਚ ਕੁੱਲ 75 ਸਾਂਝੇ ਜਲ ਤਲਾਬਾਂ (ਅੰਮ੍ਰਿਤ ਸਰੋਵਰ) ਦਾ ਨਿਰਮਾਣ ਕਰਵਾਇਆ ਗਿਆ ਹੈ।