ਪਰਮਜੀਤ ਸਿੰਘ
ਫ਼ਾਜ਼ਿਲਕਾ, 14 ਜੁਲਾਈ
ਮਾਲਵਾ ਖਿੱਤੇ ਵਿੱਚ ਧਰਤੀ ਹੇਠਲੇ ਪਾਣੀ ਦਾ ਪੱਧਰ ਜਿੱਥੇ ਦਿਨੋਂ ਦਿਨ ਜਿੱਥੇ ਹੇਠਾਂ ਜਾ ਰਿਹਾ ਹੈ, ਉੱਥੇ ਹੀ ਇਸ ਖਿੱਤੇ ਵਿੱਚ ਪੀਣ ਵਾਲੇ ਪਾਣੀ ਦੇ ਪੀਣਯੋਗ ਨਾ ਹੋਣ ਸਮੱਸਿਆ ਵੀ ਗੰਭੀਰ ਹੁੰਦੀ ਜਾ ਰਹੀ ਹੈ। ਇਸ ਖਿੱਤੇ ਦੇ ਫ਼ਰੀਦਕੋਟ, ਫਾਜ਼ਿਲਕਾ, ਸ੍ਰੀ ਮੁਕਤਸਰ ਸਾਹਿਬ ਦੇ ਸੈਂਕੜੇ ਪਿੰਡਾਂ ਦੀ ਸਥਿਤੀ ਇਹ ਹੈ ਕਿ ਲੋਕ ਕਈ ਕਿਲੋਮੀਟਰ ਤੋਂ ਕੱਸੀਆਂ ਅਤੇ ਨਹਿਰਾਂ ਦੇ ਕਿਨਾਰਿਆਂ ਤੋਂ ਪਾਣੀ ਲਿਆਉਣ ਲਈ ਮਜਬੂਰ ਹਨ। ਇਸ ਖਿੱਤੇ ਦੇ ਪਿੰਡਾਂ ਦੇ ਲੋਕ ਮੋਟਰਸਾਈਕਲਾਂ, ਸਾਈਕਲਾਂ, ਟਰੈਕਟਰਾਂ ਅਤੇ ਗੱਡੀਆਂ ਆਦਿ ਤੇ ਪੀਣ ਵਾਲਾ ਦੂਰ ਤੋਂ ਲਿਆਉਣ ਲਈ ਮਜਬੂਰ ਹਨ। ਕਈ ਪਿੰਡਾਂ ਦੇ ਲੋਕ ਕਰੀਬ 15-20 ਕਿਲੋਮੀਟਰ ਦੂਰ ਤੋਂ ਪਾਣੀ ਲਿਆ ਕੇ ਗੁਜ਼ਾਰਾ ਕਰਦੇ ਹਨ। ਇਸ ਦਾ ਕਾਰਨ ਪਿੰਡਾਂ ਵਿਚ ਧਰਤੀ ਹੇਠਲਾ ਪਾਣੀ ਹੁਣ ਪੀਣਯੋਗ ਨਹੀਂ ਰਿਹਾ। ਨਹਿਰੀ ਪਾਣੀ ਵੀ ਪੀਣਯੋਗ ਨਹੀਂ ਕਿਹਾ ਜਾ ਸਕਦਾ ਕਿਉਂਕਿ ਕਈ ਪਿੰਡਾਂ ਵਿਚ ਫਿਲਟਰ ਕਰਨ ਦਾ ਪ੍ਰਬੰਧ ਨਹੀਂ ਹੈ। ਬਹੁਤੇ ਪਿੰਡਾਂ ਦੇ ਲੋਕਾਂ ਲਈ ਭਾਵੇਂ ਵਾਟਰ ਵਰਕਸ ਦਾ ਪਾਣੀ ਦਿੱਤਾ ਜਾਂਦਾ ਹੈ ਪਰ ਪਾਣੀ ਪੀਣਯੋਗ ਨਾ ਹੋਣ ਕਾਰਨ ਲੋਕ ਗੁਰੇਜ ਕਰਨ ਲੱਗੇ ਹਨ। ਇਸ ਖਿੱਤੇ ਦੇ ਹਰ ਪਿੰਡ ਦਾ ਇਹੋ ਹਾਲਾਤ ਹੈ। ਜੇ ਪੰਨੀਵਾਲਾ ਫੱਤਾ ਅਤੇ ਆਸਪਾਸ ਦੇ ਪਿੰਡਾਂ ਦੀ ਗੱਲ ਹੀ ਕਰੀਏ ਤਾਂ ਇੱਥੇ ਇਹ ਸਮੱਸਿਆ ਗੰਭੀਰ ਹੁੰਦੀ ਜਾ ਰਹੀ ਹੈ। ਇਸ ਖਿੱਤੇ ਵਿਚ ਬਹੁਤ ਸਾਰੇ ਲੋਕ ਦੂਰ ਤੋਂ ਪਾਣੀ ਲਿਆ ਕੇ ਵੇਚਦੇ ਹਨ। ਇਹ ਹੀ ਨਹੀਂ ਹੁਣ ਬੱਸਾਂ ਦੇ ਡਰਾਈਵਰਾਂ ਵੱਲੋਂ ਵੀ ਨਹਿਰਾਂ ਅਤੇ ਕੱਸੀਆਂ ’ਤੇ ਲੱਗੇ ਨਲਕਿਆਂ ਤੋਂ ਪਾਣੀ ਭਰ ਕੇ ਲੋਕਾਂ ਦੇ ਪੀਣ ਲਈ ਬੱਸਾਂ ਵਿੱਚ ਰੱਖਿਆ ਜਾਂਦਾ ਹੈ। ਇਸ ਪਾਣੀ ਗੁਣਵੱਤਾ ਕੁਝ ਵੀ ਹੋਵੇ ਪਰ ਇਹ ਪੀਣ ’ਚ ਸੁਆਦ ਹੈ।
ਮੁੱਲ ਵਿਕਣ ਲੱਗਿਆ ਪੀਣ ਵਾਲਾ ਪਾਣੀ
ਜਿਵੇਂ ਜਿਵੇਂ ਪਿੰਡਾਂ ਵਿਚ ਧਰਤੀ ਹੇਠਲਾ ਪਾਣੀ ਨਾ ਪੀਣਯੋਗ ਹੁੰਦਾ ਜਾ ਰਿਹਾ ਹੈ, ਉਸੇ ਤਰ੍ਹਾਂ ਹੀ ਲੋਕ ਦੂਰ ਤੋਂ ਲਿਆਂਦਾ ਪਾਣੀ ਖ਼ਰੀਦਣ ਲਈ ਮਜਬੂਰ ਹੁੰਦੇ ਹਨ। ਇਸ ਖੇਤਰ ਦੇ ਬਹੁਤ ਸਾਰੇ ਪਿੰਡਾਂ ਵਿਚ ਲੋਕਾਂ ਨੇ ਪਾਣੀ ਵੇਚਣ ਦਾ ‘ਰੁਜ਼ਗਾਰ’ ਸ਼ੁਰੂ ਕੀਤਾ ਹੋਇਆ ਹੈ। ਇਹ ਲੋਕ 15 ਤੋਂ 20 ਲਿਟਰ ਦੀ ਕੈਨੀ ਦੇ 15 ਰੁਪਏ ਲੈਂਦੇ ਹਨ।