ਨਿੱਜੀ ਪੱਤਰ ਪ੍ਰੇਰਕ
ਫਾਜ਼ਿਲਕਾ, 11 ਜੁਲਾਈ
ਹੁਸੈਨੀਵਾਲਾ ਹੈੱਡ ਵਰਕਸ ਤੋਂ ਮੰਗਲਵਾਰ ਸ਼ਾਮ 5 ਵਜੇ 1 ਲੱਖ 25 ਹਜ਼ਾਰ 496 ਕਿਊਸਿਕ ਪਾਣੀ ਛੱਡਿਆ ਗਿਆ ਹੈ। ਇਸ ਕਾਰਨ ਫ਼ਾਜ਼ਿਲਕਾ ਦੇ ਸਰਹੱਦੀ ਖੇਤਰਾਂ ਵਿਚ ਹੜ੍ਹਾਂ ਦੇ ਖਤਰੇ ਦੇ ਮੱਦੇਨਜਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਪਿੰਡਾਂ ਵਿਚੋਂ ਸੁਰੱਖਿਅਤ ਕੱਢਣ ਲਈ ਸਾਰੇ ਇੰਤਜ਼ਾਮ ਕਰ ਲਏ ਗਏ ਹਨ। ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਨੇ ਦੱਸਿਆ ਕਿ ਹੁਸੈਨੀਵਾਲਾ ਤੋਂ ਛੱਡਿਆ ਜਾ ਰਿਹਾ ਪਾਣੀ ਕਾਂਵਾਂ ਵਾਲੀ ਪੱਤਣ ਅਤੇ ਮੁਹਾਰ ਜਮਸੇਰ ਵਿੱਚ ਪੁੱਜਿਆ ਹੈ ਪਰ ਹਾਲੇ ਵੀ ਬਹੁਤ ਜ਼ਿਆਦਾ ਪਾਣੀ ਹੋਰ ਆ ਰਿਹਾ ਹੈ। ਇਸ ਲਈ ਸਤਲੁਜ ਦੀ ਕਰੀਕ ਦੇ ਪੱਛਮ ਵਾਲੇ ਦੇ ਪਿੰਡਾਂ ਦੇ ਲੋਕਾਂ ਨੂੰ ਪ੍ਰਸ਼ਾਸਨ ਨੇ ਸੁਰੱਖਿਤ ਥਾਵਾਂ ’ਤੇ ਆਉਣ ਦੀ ਅਪੀਲ ਕੀਤੀ ਹੈ। ਇਸ ਲਈ ਪ੍ਰਸ਼ਾਸਨ ਵੱਲੋਂ ਟਰੈਕਟਰ ਟਰਾਲੀਆਂ ਦਾ ਪ੍ਰਬੰਧ ਵੀ ਕੀਤਾ ਹੈ। ਇਸ ਤੋਂ ਬਿਨਾ ਕਰੀਕ ਦੇ ਧੁੱਸੀ ਬੰਨ੍ਹ ’ਤੇ ਕਿਸੇ ਵੀ ਸੰਭਾਵਿਤ ਖਤਰੇ ਨੂੰ ਟਾਲਣ ਲਈ ਮਿੱਟੀ ਦੀਆਂ ਬੋਰੀਆਂ ਵੀ ਭਰੀਆਂ ਜਾ ਰਹੀਆਂ ਹਨ। ਕਾਂਵਾਂ ਵਾਲੀ ਪੱਤਣ ’ਤੇ 24 ਘੰਟੇ ਚੌਕਸੀ ਰੱਖੀ ਜਾ ਰਹੀ ਹੈ।
ਫਿਰੋਜ਼ਪੁਰ (ਨਿੱਜੀ ਪੱਤਰ ਪ੍ਰੇਰਕ): ਪੰਜਾਬ ਦੇ ਕਈ ਜ਼ਿਲ੍ਹਿਆਂ ’ਚ ਤੇਜ਼ ਬਰਸਾਤ ਅਤੇ ਹੜ੍ਹਾਂ ਕਾਰਨ ਸਥਿਤੀ ਗੰਭੀਰ ਬਣੀ ਹੋਈ ਹੈ। ਸਰਹੱਦੀ ਜ਼ਿਲ੍ਹਾ ਫ਼ਿਰੋਜ਼ਪੁਰ ਦੀ ਸਰਹੱਦ ਦੇ ਨਾਲ ਵਗਦਾ ਸਤਲੁਜ ਦਰਿਆ ਵਿਚ ਅੱਜ 211804 ਕਿਊਸਿਕ ਪਾਣੀ ਛੱਡਣ ਨਾਲ ਪਾਣੀ ਦਾ ਪੱਧਰ ਵਧ ਗਿਆ ਹੈ। ਦਰਿਆ ਦੇ ਨਾਲ ਲੱਗਦੇ ਪਿੰਡਾਂ ਨੂੰ ਬਚਾਉਣ ਲਈ ਪ੍ਰਸ਼ਾਸਨ ਵੱਲੋਂ ਹੁਸੈਨੀਵਾਲਾ ਹੈੱਡ ਤੋਂ 112440 ਕਿਊਸਿਕ ਪਾਣੀ ਅੱਗੇ ਰਿਲੀਜ਼ ਕੀਤਾ ਗਿਆ ਹੈ। ਦਰਿਆ ਨੇੜਲੇ ਲੋਕਾਂ ਨੂੰ ਆਪਣਾ ਕੀਮਤੀ ਸਾਮਾਨ ਅਤੇ ਮਾਲ ਡੰਗਰ ਸੁਰੱਖਿਅਤ ਥਾਵਾਂ ਤੇ ਲਿਜਾਣ ਦੇ ਹੁਕਮ ਜਾਰੀ ਕੀਤੇ ਗਏ ਹਨ।
ਪ੍ਰਸ਼ਾਸਨ ਵੱਲੋਂ ਅਟਾਰੀ ਸਥਿਤ ਸੀਨੀਅਰ ਸੈਕੰਡਰੀ ਸਕੂਲ, ਝੋਕ ਹਰੀ ਹਰ ਦੇ ਕਮਿਊਨਿਟੀ ਹਾਲ ਅਤੇ ਪਿੰਡ ਨੂਰਪੁਰ ਸੇਠਾਂ ਦੇ ਸੀਨੀਅਰ ਸੈਕੰਡਰੀ ਸਕੂਲ ਵਿਚ ਰਾਹਤ ਕੇਂਦਰ ਸਥਾਪਿਤ ਕੀਤੇ ਗਏ ਹਨ। ਇਸੇ ਤਰ੍ਹਾਂ ਨਾਲ ਜ਼ੀਰਾ,ਗੁਰੂਹਰਸਹਾਏ ਅਤੇ ਮਮਦੋਟ ਵਿਚ ਵੀ ਕੁੱਲ 15 ਰਾਹਤ ਕੇਂਦਰ ਸਥਾਪਤ ਕੀਤੇ ਜਾ ਚੁੱਕੇ ਹਨ। ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਅਤੇ ਜ਼ਿਲ੍ਹਾ ਪੁਲੀਸ ਕਪਤਾਨ ਭੁਪਿੰਦਰ ਸਿੰਘ ਸਿੱਧੂ ਨੇ ਅੱਜ ਸਤਲੁਜ ਦਰਿਆ ਨਾਲ ਲੱਗਦੇ ਪਿੰਡਾਂ ਦਾ ਦੌਰਾ ਕੀਤਾ ਤੇ ਸਥਿਤੀ ਦਾ ਜਾਇਜ਼ਾ ਲਿਆ।
ਵਿਧਾਇਕ ਵੱਲੋਂ ਸਰਹੱਦੀ ਖੇਤਰ ਦੇ ਮੀਂਹ ਪ੍ਰਭਾਵਿਤ ਪਿੰਡਾਂ ਦਾ ਦੌਰਾ
ਮਮਦੋੋਟ (ਪੱਤਰ ਪ੍ਰੇਰਕ): ਵਿਧਾਨ ਸਭਾ ਹਲਕਾ ਫਿਰੋਜ਼ਪੁਰ ਦਿਹਾਤੀ ਅੰਦਰ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਹੋ ਰਹੀ ਤੇਜ਼ ਬਾਰਿਸ਼ ਕਾਰਨ ਫਸਲਾਂ ਦੇ ਨੁਕਸਾਨ ਦਾ ਜਾਇਜ਼ਾ ਲੈਣ ਅਤੇ ਪਾਣੀ ਦੀ ਨਿਰਵਿਘਨ ਨਿਕਾਸੀ ਦੇ ਮੱਦੇਨਜ਼ਰ ਹਲਕਾ ਵਿਧਾਇਕ ਰਜਨੀਸ਼ ਦਹੀਆ ਵੱਲੋਂ ਹਲਕੇ ਦੇ ਬਲਾਕ ਮਮਦੋਟ ਦੇ ਸਰਹੱਦੀ ਹੜ੍ਹ ਸੰਭਾਵਿਤ ਪਿੰਡ ਹਬੀਬ ਵਾਲਾ , ਬੁਰਜੀ , ਜਲਾਲਂ ਵਾਲਾ , ਫੱਤੋਵਾਲ ਵਾਲਾ ਹਿਠਾੜ, ਪੋਜੋ ਕੇ ਉਤਾੜ, ਪੋਜੋ ਕੇ ਹਿਠਾੜ, ਛਾਗਾ ਖੁਰਦ, ਗੱਡੀ ਹਯਾਤ, ਝੁਗੇ ਕਿਸ਼ੋਰ ਵਾਲੇ , ਕਾਲੁਅਰਾਈ ਹਿਠਾੜ, ਮਸਤਾ ਗੱਟੀ ਨੰਬਰ 1 , ਮਸਤਾ ਗੱਟੀ ਨੰਬਰ 2 , ਬੀਐੱਸਐੱਫ ਦੀ ਚੈਕ ਪੋਸਟ ਡੀਟੀਮੱਲ ਦੇ ਗੇਟ ਨੰਬਰ 195 , ਗੇਟ ਨੰਬਰ 196 , ਮੱਬੋ ਕੇ , ਚੈਕ ਪੋਸਟ ਗੱਟੀ ਹਯਾਤ ਦੇ ਗੇਟ ਨੰਬਰ 202 ਆਦਿ ਸਤਲੁਜ ਦਰਿਆ ਦਾ ਜ਼ੀਰੋ ਗਰਾਊਂਡ ’ਤੇ ਦੌਰਾ ਕਰਕੇ ਮੌਜੂਦਾ ਸਥਿਤੀ ਅਤੇ ਫ਼ਸਲਾਂ ਦੇ ਹੋਏ ਨੁਕਸਾਨ ਦਾ ਜਾਇਜ਼ਾ ਲਿਆ ਗਿਆ। ਇਸ ਮੌਕੇ ਵਿਧਾਇਕ ਰਜਨੀਸ਼ ਦਹੀਆ ਨੇ ਲੋਕਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ ਅਤੇ ਨਾਲ ਹੀ ਉਨ੍ਹਾਂ ਸਤਲੁਜ ਦਰਿਆ ਦੇ ਨਾਲ ਲਗਦੇ ਪਿੰਡਾਂ ਦੇ ਲੋਕਾਂ ਨੂੰ ਚੌਕਸ ਰਹਿਣ ਦੀ ਅਪੀਲ ਵੀ ਕੀਤੀ। ਵਿਧਾਇਕ ਰਜਨੀਸ਼ ਦਹੀਆ ਨੇ ਦੱਸਿਆ ਕਿ ਹਰੀ ਕੇ ਹੈੱਡ ਵਰਕਸ ਤੋਂ ਦਰਿਆ ਸਤਲੁਜ ਵਿੱਚ 1 ਲੱਖ 56 ਹਜ਼ਾਰ ਕਿਊਸਿਕ ਪਾਣੀ ਛੱਡਿਆ ਗਿਆ ਹੈ ਅਤੇ ਹੁਸੈਨੀਵਾਲਾ ਹੈੱਡ ਵਰਕਸ ਤੋਂ ਅੱਜ 55 ਹਜ਼ਾਰ ਕਿਊਸਿਕ ਪਾਣੀ ਛੱਡਿਆ ਗਿਆ ਹੈ। ਉਨ੍ਹਾਂ ਕਿਹਾ ਕਿ ਫਿਲਹਾਲ ਸਥਿਤੀ ਕਾਬੂ ਹੇਠ ਹੈ ਅਤੇ ਦਰਿਆ ਦੇ ਪਾਣੀ ਦੀ ਨਿਕਾਸੀ ਬਿਨਾ ਰੁਕਾਵਟ ਲਗਾਤਾਰ ਹੋ ਰਹੀ ਹੈ। ਉਨ੍ਹਾਂ ਦਰਿਆ ਸਤਲੁਜ ਦੇ ਨਾਲ ਲੱਗਦੇ ਨੀਵੇਂ ਇਲਾਕਿਆਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਪਰਿਵਾਰ ਅਤੇ ਮਾਲ ਡੰਗਰ ਸਮੇਤ ਸੁਰੱਖਿਅਤ ਥਾਂ ’ਤੇ ਆ ਕੇ ਰਹਿਣ। ਇਸ ਮੌਕੇ ਡਾ. ਨਿਰਵੈਰ ਸਿੰਘ ਸਿੰਧੀ ਸੀਨੀਅਰ ‘ਆਪ’ ਆਗੂ ਲੋਕ ਸਭਾ ਹਲਕਾ ਫਿਰੋਜ਼ਪੁਰ, ਉਪਿੰਦਰ ਸਿੰਘ ਸਿੰਧੀ ਪ੍ਰਧਾਨ ਨਗਰ ਪੰਚਾਇਤ ਮਮਦੋਟ, ਬਲਰਾਜ ਸਿੰਘ ਸੰਧੂ , ਡਾ. ਹਰਜਿੰਦਰ ਸਿੰਘ ਸਿੰਧੀ ਮੇਜਰ ਸਿੰਘ ਬੁਰਜੀ ਜ਼ਿਲ੍ਹਾ ਪ੍ਰਧਾਨ ਐੱਸਸੀ ਵਿੰਗ, ਬਲਵਿੰਦਰ ਸਿੰਘ ਜ਼ਿਲ੍ਹਾ ਵਾਈਸ ਪ੍ਰਧਾਨ ਐੱਸਸੀ ਵਿੰਗ, ਯੂਥ ਆਪ ਆਗੂ ਬਲਵਿੰਦਰ ਸਿੰਘ ਲੱਡੂ ਹਾਜ਼ਰ ਸਨ।