ਬਲਜੀਤ ਸਿੰਘ
ਸਰਦੂਲਗੜ੍ਹ, 13 ਜੂਨ
ਨਹਿਰੀ ਪਾਣੀ ਦੀ ਬੰਦੀ ਕਾਰਨ ਲੋਕ ਪੀਣ ਲਈ ਅਤੇ ਸਿੰਚਾਈ ਲਈ ਪਾਣੀ ਨੂੰ ਤਰਸ ਰਹੇ ਹਨ। ਅਤਿ ਦੀ ਪੈ ਰਹੀ ਗਰਮੀ ਦੌਰਾਨ ਪਾਣੀ ਨਾ ਆਉਣ ਕਾਰਨ ਜਿੱਥੇ ਸਬਜ਼ੀਆਂ, ਹਰੇ-ਚਾਰੇ ਅਤੇ ਫ਼ਸਲਾਂ ਸੁੱਕਣ ਲੱਗੀਆਂ ਹਨ, ਉਥੇ ਪਿੰਡਾਂ ਦੇ ਜਲਘਰਾਂ ਦੇ ਡੱਗ ਵੀ ਖਾਲੀ ਹੋ ਗਏ ਹਨ। ਬਿਜਲੀ ਦੀ ਸਪਲਾਈ ਪੂਰੀ ਨਾ ਮਿਲਣ ਕਾਰਨ ਕਿਸਾਨ ਕਾਫ਼ੀ ਪ੍ਰੇਸ਼ਾਨ ਹਨ। ਕਿਸਾਨਾਂ ਅਤੇ ਹਲਕਾ ਵਾਸੀਆਂ ਨੇ ਮੰਗ ਕੀਤੀ ਕਿ ਪੈ ਰਹੀ ਗਰਮੀ ਦੇ ਮੱਦੇਨਜ਼ਰ ਨਹਿਰਾਂ ਵਿੱਚ ਪਾਣੀ ਦੀ ਨਿਰਵਿਘਨ ਸਪਲਾਈ ਕੀਤੀ ਜਾਵੇ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਖੇਤੀਬਾੜੀ ਨਾਲ ਸਬੰਧਤ ਮੋਟਰਾਂ ਲਈ ਵੀ ਅੱਠ ਘੰਟੇ ਬਿਜਲੀ ਸਪਲਾਈ ਯਕੀਨੀ ਬਣਾਈ ਜਾਵੇ। ਇਸ ਸਬੰਧੀ ਨਹਿਰੀ ਵਿਭਾਗ ਮਾਨਸਾ ਦੇ ਐੱਸਡੀਓ ਖੁਸ਼ਵਿੰਦਰ ਸਿੰਘ ਨੇ ਕਿਹਾ ਕਿ ਨਹਿਰਾਂ ਦੀ ਸਫ਼ਾਈ ਅਤੇ ਮੁਰੰਮਤ ਦਾ ਕੰਮ ਚੱਲ ਰਿਹਾ ਸੀ। ਜਿਸ ਕਾਰਨ ਬੰਦੀ ਕੀਤੀ ਹੋਈ ਸੀ। ਹੁਣ ਜਲਦੀ ਹੀ ਨਹਿਰਾਂ ਵਿੱਚ ਪਾਣੀ ਛੱਡਿਆ ਜਾਵੇਗਾ। ਉਧਰ, ਬਿਜਲੀ ਵਿਭਾਗ ਦੇ ਐੱਸਡੀਓ ਝੁਨੀਰ ਮਨਜੀਤ ਸਿੰਘ ਨੇ ਕਿਹਾ ਕਿ 22 ਜੂਨ ਤੋਂ ਕਿਸਾਨਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਦਿੱਤੀ ਜਾਵੇਗੀ।
ਪਾਣੀ ਦੀ ਸਮੱਸਿਆ ਨੂੰ ਲੈ ਕੇ ਕਿਸਾਨਾਂ ਵੱਲੋਂ ਪ੍ਰਦਰਸ਼ਨ ਅੱਜ
ਬਲੂਆਣਾ (ਅਬੋਹਰ) (ਰਾਜਿੰਦਰ ਕੁਮਾਰ): ਪੰਜਾਬ ਸਰਕਾਰ ਦੇ ਸਿੰਚਾਈ ਵਿਭਾਗ ਵੱਲੋਂ ਅਬੋਹਰ ਇਲਾਕੇ ਵਿਚੋਂ ਲੰਘਣ ਵਾਲੀਆਂ ਅੱਧੀ ਦਰਜਨ ਨਹਿਰਾਂ ਨੂੰ ਪੰਦਰਾਂ ਦਿਨਾਂ ਲਈ ਬੰਦ ਕਰਨ ਦਾ ਕਿਸਾਨਾਂ ਨੇ ਗੰਭੀਰ ਨੋਟਿਸ ਲਿਆ ਹੈ। ਭਾਰਤੀ ਕਿਸਾਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਸੁਖਮੰਦਰ ਸਿੰਘ ਨੇ ਬਿਆਨ ਜਾਰੀ ਕਰ ਕੇ ਕਿਹਾ ਕਿ ਇਲਾਕੇ ਦੀਆਂ ਸਮੂਹ ਜਥੇਬੰਦੀਆਂ ਵੱਲੋਂ ਭਲਕੇ 14 ਜੂਨ ਪੰਜਾਬ ਤੋਂ ਰਾਜਸਥਾਨ ਵਿਚਾਲੇ ਸੜਕੀ ਆਵਾਜਾਈ ਠੱਪ ਕਰਕੇ ਰੋਸ ਦਾ ਪ੍ਰਗਟਾਵਾ ਕੀਤਾ ਜਾਵੇਗਾ। ਸੁਖਮੰਦਰ ਸਿੰਘ ਨੇ ਕਿਹਾ ਕਿ ਬੀਤੇ ਦਿਨ ਲਗਾਤਾਰ ਬੰਦੀ ਕਾਰਨ ਅਬੋਹਰ ਇਲਾਕੇ ਵਿੱਚ ਨਹਿਰੀ ਪਾਣੀ ਨਾ ਮਿਲਣ ਕਾਰਨ ਕਿਸਾਨਾਂ ਨੇ ਆਪਣੇ ਬਾਗ ਪੁੱਟ ਦਿੱਤੇ, ਬਾਗ਼ਬਾਨੀ ਅਤੇ ਨਰਮੇ ਦੀ ਫ਼ਸਲ ਨੂੰ ਬਹੁਤ ਵੱਡਾ ਨੁਕਸਾਨ ਹੋ ਗਿਆ ਹੈ।