ਟੋਨੀ ਛਾਬੜਾ
ਜਲਾਲਾਬਾਦ, 5 ਮਈ
ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦੀ ਸੂਬਾ ਕਮੇਟੀ ਵੱਲੋਂ ਉਲੀਕੇ ਪ੍ਰੋਗਰਾਮ ਤਹਿਤ ਅੱਜ ਬਹਿਕ ਹਸਤਾ ਵਿੱਚ ਵਿਸ਼ਵ ਬੈਂਕ ਦੀ ਟੀਮ ਦੇ ਨੁਮਾਇੰਦਿਆਂ ਦੇ ਆਉਣ ਦੀ ਜਾਣਕਾਰੀ ਮਿਲਣ ਉਪਰੰਤ ਵਰਕਰਾਂ ਵੱਲੋਂ ਕਾਲੀ ਝੰਡੀਆਂ ਨਾਲ ਟੀਮ ਦਾ ਵਿਰੋਧ ਕੀਤਾ ਗਿਆ। ਕੋਵਿਡ-19 ਸਬੰਧੀ ਹਦਾਇਤਾਂ ਦੀ ਪਾਲਣਾ ਕਰਦਿਆਂ ਕੁਝ ਵਰਕਰ ਉਕਤ ਪਿੰਡ ਦੇ ਵਾਟਰ ਵਰਕਸ ’ਚ ਇਕੱਠੇ ਹੋਏ ਅਤੇ ਜਲ ਸਪਲਾਈ ਮਹਿਕਮੇ ਦੇ ਐਕਸੀਅਨ ਫਾਜ਼ਿਲਕਾ ਵਿਰੁੱਧ ਨਾਅਰੇਬਾਜ਼ੀ ਕੀਤੀ। ਇਸ ਸਬੰਧੀ ਜ਼ਿਲ੍ਹਾ ਪ੍ਰਧਾਨ ਜਸਵਿੰਦਰ ਸਿੰਘ ਚੱਕ ਜਾਨੀਸਰ ਤੇ ਜ਼ਿਲ੍ਹਾ ਜਨਰਲ ਸਕੱਤਰ ਸੁਖਚੈਨ ਸਿੰਘ ਸੋਢੀ ਨੇ ਦੱਸਿਆ ਕਿ ਲੋਕਾਂ ਦੇ ਪੀਣ ਵਾਲੇ ਪਾਣੀ ਦੀ ਸਹੂਲਤ ਦਾ ਨਿੱਜੀਕਰਨ/ਪੰਚਾਇਤੀਕਰਨ ਕਰਨ ਦੀਆਂ ਲੋਕ ਵਿਰੋਧੀ ਨੀਤੀਆਂ ਨੂੰ ਲਾਗੂ ਕਰਨ ਲਈ ਫਾਜ਼ਿਲਕਾ ਜ਼ਿਲ੍ਹੇ ਦੇ ਐਕਸੀਅਨ ਵਲੋਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ, ਜਿਸ ’ਤੇ ਜਥੇਬੰਦੀ ਵਲੋਂ ਚਿਤਾਵਨੀ ਦਿੱਤੀ ਗਈ ਹੈ ਕਿ ਸਰਕਾਰ ਅਤੇ ਜਲ ਸਪਲਾਈ ਮੈਨੇਜਮੈਂਟ ਦੀਆਂ ਲੋਕ ਨੀਤੀਆਂ ਬਰਦਾਸ਼ਾਤ ਨਹੀਂ ਕੀਤੀਆਂ ਜਾਣਗੀਆਂ ਅਤੇ ਜਿੱਥੇ ਵੀ ਵਿਸ਼ਵ ਬੈਂਕ ਦੀ ਟੀਮ, ਬੀ.ਆਰ.ਸੀ., ਐਕਸੀਅਨ, ਐੱਸਡੀਓ, ਜੇਈ ਜਾਂ ਹੋਰ ਕੋਈ ਵੀ ਅਧਿਕਾਰੀ ਜਾਣਗੇ ਤਾਂ ਉਨ੍ਹਾਂ ਦਾ ਵਿਰੋਧ ਕੀਤਾ ਜਾਵੇਗਾ।