ਚੰਦਰ ਪ੍ਰਕਾਸ਼ ਕਾਲੜਾ
ਜਲਾਲਾਬਾਦ, 22 ਮਈ
ਥਾਣਾ ਸਦਰ ’ਚ ਕੁਝ ਦਿਨ ਪਹਿਲਾਂ ਇਕ ਗਰੀਬ ਕਿਸਾਨ ’ਤੇ ਪੰਜ ਕਿਲੋ ਰੇਤ ਦੀ ਬਰਾਮਦਗੀ ਦੀ ਇਕ ਅਨੋਖੀ ਐੱਫਆਈਆਰ ਦਰਜ ਹੋਈ ਸੀ। ਹੁਣ ਨਹਿਰੀ ਵਿਭਾਗ ਨੇ ਸੁੱਕੀਆਂ ਨਹਿਰਾਂ ਦੇ ਬਾਵਜੂਦ ਅਕਾਲੀ ਦਲ ਦੇ ਕੌਮੀ ਉਪ ਪ੍ਰਧਾਨ ਤੇ ਹਲਕਾ ਫਾਜ਼ਿਲਕਾ ਦੇ ਇੰਚਾਰਜ ਹੰਸਰਾਜ ਜੋਸਨ ਸਮੇਤ 32 ਲੋਕਾਂ ’ਤੇ ਨਹਿਰੀ ਪਾਣੀ ਚੋਰੀ ਕਰਨ ਦਾ ਅਨੋਖਾ ਪਰਚਾ ਦਰਜ ਕੀਤਾ ਹੈ। ਬੀਤੇ ਦਿਨ ਇਕ ਗਰੀਬ ਕਿਸਾਨ ’ਤੇ ਪੰਜ ਕਿਲੋ ਰੇਤਾ ਦੀ ਬਰਾਮਦਗੀ ਪਾ ਕੇ ਇਕ ਅਨੋਖਾ ਪਰਚਾ ਦਰਜ ਹੋਇਆ ਹੈ। ਹਾਲੇ ਇਹ ਹਾਸੋਹੀਣੀ ਐੱਫਆਈਆਰ ਦੀ ਚਰਚਾ ਠੰਢੀ ਨਹੀਂ ਹੋਈ ਸੀ ਪਰ ਹੁਣ ਨਹਿਰੀ ਵਿਭਾਗ ਨੇ ਇਕ ਹੋਰ ਕੇਸ ਦਰਜ ਕੀਤਾ ਹੈ। ਜਲਾਲਾਬਾਦ ਹਲਕੇ ਤੋਂ ਮੰਡੀ ਲਾਧੂਕਾ ਵੱਲ ਜਾਂਦੀ ਬਰਕਤ ਵਾ ਮਾਈਨਰ ਜਿਸ ’ਚ ਇਕ ਸਾਲ ਤੋਂ ਪਾਣੀ ਨਹੀਂ ਛੱਡਿਆ, ਪਰ ਨਹਿਰੀ ਵਿਭਾਗ ਨੇ ਪਿੰਡ ਬੋਦੀਵਾਲਾ ਨਾਲ ਸਬੰਧਤ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਉੱਪ ਪ੍ਰਧਾਨ ਹੰਸਰਾਜ ਜੋਸਨ ਜੋ ਹਲਕਾ ਫਾਜ਼ਿਲਕਾ ਦੇ ਇੰਚਾਰਜ ਹਨ ਖ਼ਿਲਾਫ਼ ਨਹਿਰੀ ਪਾਣੀ ਚੋਰੀ ਕਰਨ ਦਾ ਮਾਮਲਾ ਦਰਜ ਕੀਤਾ ਹੈ। ਜੋਸਨ ਸਣੇ ਉਨ੍ਹਾਂ ਦੇ ਸਮਰਥਕਾਂ ਸਣੇ 32 ਲੋਕਾਂ ’ਤੇ ਇਹ ਕੇਸ ਦਰਜ ਹੋਇਆ ਹੈ। ਨਹਿਰੀ ਮਹਿਕਮੇ ਅਨੁਸਾਰ ਇਨ੍ਹਾਂ ਲੋਕਾਂ ਵੱਲੋਂ ਸਰਕਾਰੀ ਮੋਘਿਆਂ ਨੂੰ ਤੋੜ ਕੇ ਨਹਿਰੀ ਪਾਣੀ ਦੀ ਚੋਰੀ ਕੀਤੀ ਹੈ। ਨਹਿਰਾਂ ’ਚ ਪਾਣੀ ਦੀ ਬੂੰਦ ਨਹੀਂ ਆਈ ਤੇ ਕੇਸ ਹੈ ਪਾਣੀ ਚੋਰੀ ਦਾ।
ਇਸੇ ਦੌਰਾਨ ਹੰਸ ਰਾਜ ਜੋਸਨ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਪੰਜਾਬ ਦੇ ਸਿੰਜਾਈ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਦੇਰ ਰਾਤ ਇਸੇ ਬਰਕਤ ਵਾ ਮਾਈਨਰ ’ਚ ਪੈਦਲ ਚੱਲ ਕੇ ਨਿਰੀਖਣ ਕੀਤਾ ਗਿਆ ਸੀ। ਜੇ ਮਾਈਨਰ ਵਿੱਚ ਪਾਣੀ ਛੱਡਿਆ ਗਿਆ ਸੀ ਤਾਂ ਕੀ ਜਿੰਪਾ ਜੀ ਕਿਸ਼ਤੀ ਲੈ ਕੇ ਮਾਈਨਰ ਵਿੱਚ ਉੱਤਰੇ ਸੀ। ਦਰਜ ਹੋਈ ਐੱਫਆਈਆਰ ਨੂੰ ਸ੍ਰੀ ਜੋਸਨ ਨੇ ਇਸ ਨੂੰ ਸਿਆਸਤ ਤੋਂ ਪ੍ਰੇਰਿਤ ਮਾਮਲਾ ਦੱਸਿਆ ਹੈ। ਇਸ ਤੋਂ ਇਲਾਵਾ ਹੰਸ ਰਾਜ ਜੋਸਨ ਦੇ ਭਰਾ ਅਤੇ ਸਮਰਥਕਾਂ ਨੇ ਵੀ ਬਰਕਤ ਵਾ ਮਾਈਨਰ ਉੱਪਰ ਜਾ ਕੇ ਮੀਡੀਆ ਨੂੰ ਜਿੱਥੇ ਸਾਰੀਆਂ ਤਸਵੀਰਾਂ ਦਿਖਾਈਆਂ ਉੱਥੇ ਸਪਸ਼ਟ ਕੀਤਾ ਕਿ ਨਹਿਰ ਦੀ ਖਟਾਈ ਅਤੇ ਇਸ ਦੀ ਸਫ਼ਾਈ ਕਾਫੀ ਸਮੇਂ ਤੋਂ ਨਹੀਂ ਹੋਈ ਅਤੇ ਇਕ ਸਾਲ ਤੋਂ ਇਸ ਬਰਕਤ ਵਾ ਮਾਈਨਰ ਵਿੱਚ ਪਾਣੀ ਆਇਆ ਹੀ ਨਹੀਂ। ਜੇ ਇਸ ਵਿੱਚ ਪਾਣੀ ਨਹੀਂ ਹੈ ਤਾਂ ਫਿਰ ਕਿਸ ਚੀਜ਼ ਦੀ ਚੋਰੀ ਦਾ ਕੇਸ ਦਰਜ ਕੀਤਾ ਗਿਆ ਹੈ।