ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 19 ਮਈ
ਆਪ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਨੇ ਬਠਿੰਡਾ ਹਲਕੇ ਨੂੰ ਸਨਅਤੀ ਗੜ੍ਹ ਵਜੋਂ ਵਿਕਸਤ ਕਰਨ ਦਾ ਐਲਾਨ ਕਰਦਿਆਂ ਕਿਹਾ ਕਿ ਅੰਤਰਰਾਜੀ ਹੱਦਾਂ ’ਤੇ ਲੱਗਦੀ ਮਾਲਵਾ ਪੱਟੀ ਦੇ ਨੌਜਵਾਨਾਂ ਲਈ ਰੁਜ਼ਗਾਰ ਦੇ ਵਸੀਲੇ ਪੈਦਾ ਕਰਨਾ ਮੌਜੂਦਾ ਸਮੇਂ ਦੀ ਫੌਰੀ ਲੋੜ ਹੈ।
ਸ੍ਰੀ ਖੁੱਡੀਆਂ ਨੇ ਐਤਵਾਰ ਨੂੰ ਬਠਿੰਡਾ ਸ਼ਹਿਰ ਦੀ ਸ਼ੁਸ਼ਾਂਤ ਸਿਟੀ, ਮੇਨ ਪਰਿੰਦਾ ਰੋਡ, ਪੁਲੀਸ ਪੈਨਸ਼ਨਰ ਭਵਨ, ਐੱਸਸੀਐੱਫ 54-55, ਫੇਜ਼ 3 ਸਾਹਮਣੇ ਦਾਦੀ ਪੋਤੀ ਪਾਰਕ, 100 ਫੁੱਟੀ ਰੋਡ, ਰਸੋਈ ਰੈਸਟੋਰੈਂਟ, ਰਾਇਲ ਇਨ ਪੈਲੇਸ, ਨੇੜੇ ਟੀਚਰਜ਼ ਹੋਮ, ਪਰਸ ਰਾਮ ਨਗਰ, ਪ੍ਰਤਾਪ ਨਗਰ, ਲਾਲ ਸਿੰਘ ਬਸਤੀ, ਨਰੂਆਣਾ ਰੋਡ, ਐਸਬੀਐਸ ਨਗਰ, ਦੀਪ ਨਗਰ, ਬਲਰਾਜ ਨਗਰ ਆਦਿ ਖੇਤਰਾਂ ਵਿੱਚ ਭਰਵੇਂ ਚੋਣ ਜਲਸਿਆਂ ਨੂੰ ਸੰਬੋਧਨ ਕੀਤਾ। ਉਨ੍ਹਾਂ ਨਾਲ ਹਲਕਾ ਬਠਿੰਡਾ (ਸ਼ਹਿਰੀ) ਦੇ ਵਿਧਾਇਕ ਅਤੇ ਬਹੁਤ ਸਾਰੇ ਮੁਕਾਮੀ ਆਗੂ ਵੀ ਚੋਣ ਪ੍ਰਚਾਰ ਸ਼ਾਮਲ ਹੋਏ। ਖੁੱਡੀਆਂ ਨੇ ਕਿਹਾ ਕਿ ਨਰਮਾ ਪੱਟੀ ਵਜੋਂ ਜਾਣਿਆ ਜਾਂਦਾ ਇਹ ਹਲਕਾ ਖੇਤੀ ’ਤੇ ਨਿਰਭਰ ਹੈ। ਉਨ੍ਹਾਂ ਕਿਹਾ ਕਿ ਇਥੇ ਖੇਤੀ ਆਧਾਰਿਤ ਸਨਅਤੀ ਵਿਕਾਸ ਸਭ ਤੋਂ ਵਧੀਆ ਰਹੇਗਾ। ਉਨ੍ਹਾਂ ਕਿਹਾ ਕਿ ਜੇਕਰ ਫ਼ੂਡ ਪ੍ਰੋਸੈਸਿੰਗ ਇੰਡਸਟਰੀ ਇੱਥੇ ਸਥਾਪਿਤ ਕੀਤੀ ਜਾਂਦੀ ਤਾਂ ਕਿਸਾਨਾਂ, ਦੁਕਾਨਦਾਰਾਂ ਤੇ ਮਜ਼ਦੂਰਾਂ ਨੂੰ ਲਾਭ ਹੋਣ ਸਮੇਤ ਅਨੇਕਾਂ ਪੰਜਾਬੀ ਨੌਜਵਾਨਾਂ ਨੂੰ ਰੁਜ਼ਗਾਰ ਮਿਲਣਾ ਸੀ। ਉਨ੍ਹਾਂ ਕਿਹਾ ਕਿ ਪਰ 15 ਸਾਲ ਇਸ ਹਲਕੇ ਦੀ ਨੁਮਾਇੰਦਗੀ ਕਰਨ ਵਾਲੀ ਅਤੇ ਕੇਂਦਰ ’ਚ ਫ਼ੂਡ ਪ੍ਰੋਸੈਸਿਗ ਮੰਤਰੀ ਰਹੀ ਹਰਸਿਮਰਤ ਕੌਰ ਬਾਦਲ ਦੀ ਇਸ ਪਾਸੇ ਕੋਈ ਰੁਚੀ ਨਾ ਹੋਣ ਕਰਕੇ ਇਲਾਕਾ ਬਹੁਤ ਪਛੜ ਗਿਆ ਹੈ।