ਪੱਤਰ ਪ੍ਰੇਰਕ
ਮਾਨਸਾ, 17 ਜੁਲਾਈ
ਭਾਰਤੀ ਕਿਸਾਨ ਯੂਨੀਅਨ (ਏਕਤਾ ਡਕੌਂਦਾ) ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਦੀ ਅਗਵਾਈ ਵਿੱਚ ਸੂਬਾ ਅਤੇ ਜ਼ਿਲ੍ਹਾ ਕਮੇਟੀ ਨੇ ਘੱਗਰ ਦਰਿਆ ਦੀ ਮਾਰ ਹੇਠ ਆਏ ਇਲਾਕਿਆਂ ਦਾ ਦੌਰਾ ਕਰਦਿਆਂ ਹੜ੍ਹਾਂ ਕਾਰਨ ਪ੍ਰਭਾਵਿਤ ਹੋਈ ਕਿਸਾਨੀ ਦੀ ਹਰ ਸੰਭਵ ਮੱਦਦ ਕਰਨ ਦਾ ਪ੍ਰਣ ਦੁਹਰਾਇਆ।
ਕਿਸਾਨ ਆਗੂ ਸ੍ਰੀ ਬੁਰਜਗਿੱਲ ਨੇ ਕਿਹਾ ਕਿ ਸੰਯੁਕਤ ਮੋਰਚੇ ਦੀ ਮੀਟਿੰਗ ਵਿੱਚ ਹੜ੍ਹ ਪ੍ਰਭਾਵਿਤ ਕਿਸਾਨਾਂ ਲਈ 100 ਏਕੜ ਰਕਬੇ ਵਿੱਚ ਝੋਨੇ ਦੀ ਪਛੇਤੀ 126 ਦੀ ਪਨੀਰੀ ਤਿਆਰ ਕਰ ਕੇ ਮੁਹੱਈਆ ਕਰਵਾਉਣ ਅਤੇ ਪਸ਼ੂਆਂ ਲਈ ਚਾਰੇ ਦਾ ਪ੍ਰਬੰਧ ਕਰਨ ਦਾ ਫ਼ੈਸਲਾ ਕੀਤਾ ਗਿਆ ਸੀ। ਇਸ ਤਹਿਤ ਜਥੇਬੰਦੀ ਵੱਲੋਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ 10 ਏਕੜ ਰਕਬੇ ਵਿੱਚ ਪਨੀਰੀ ਬੀਜਣ ਦਾ ਫ਼ੈਸਲਾ ਕੀਤਾ ਗਿਆ ਸੀ। ਜਥੇਬੰਦੀ ਨੇ ਕਰੀਬ 20 ਏਕੜ ਰਕਬੇ ਵਿੱਚ ਪਨੀਰੀ ਤਿਆਰ ਮੁਕੰਮਲ ਕਰ ਲਈ ਹੈ। ਉਨ੍ਹਾਂ ਕਿਹਾ ਕਿ ਪਨੀਰੀ ਦੇ ਨਾਲ-ਨਾਲ ਟਰਾਲੀਆਂ ਰਾਹੀਂ ਪਸ਼ੂਆਂ ਨੂੰ ਸੁੱਕਾ ਚਾਰਾ ਅਤੇ ਹੋਰ ਵਸਤਾਂ ਵੀ ਪਹੁੰਚਦੀਆਂ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਸਾਰੀ ਸਮੱਗਰੀ ਸੰਯੁਕਤ ਮੋਰਚੇ ਵੱਲੋ ਲਾਏ ਕੈਂਪਾਂ ਰਾਹੀਂ ਲੋੜਵੰਦਾਂ ਤੱਕ ਪਹੁੰਚਦੀ ਕੀਤੀ ਜਾਵੇਗੀ।
ਸਰਕਾਰ ਬਾਰੇ ਬੋਲਦਿਆਂ ਸ੍ਰੀ ਬੁਰਜਗਿੱਲ ਨੇ ਕਿਹਾ ਕਿ ਬਦਲਾਅ ਦੇ ਨਾਂ ’ਤੇ ਬਣੀ ਸਰਕਾਰ ਨੇ ਹਾਲੇ ਤੱਕ ਗੜ੍ਹੇਮਾਰੀ ਕਾਰਨ ਨੁਕਸਾਨੀ ਫ਼ਸਲ ਦਾ ਮੁਆਵਜ਼ਾ ਤਕ ਨਹੀਂ ਦਿੱਤਾ ਹੈ। ਇਸ ਮੌਕੇ ਇੰਦਰਪਾਲ ਸਿੰਘ ਲਛਮਣ ਸਿੰਘ ਚੱਕ ਅਲੀਸ਼ੇਰ, ਮਹਿੰਦਰ ਸਿੰਘ ਭੈਣੀਬਾਘਾ, ਇਕਬਾਲ ਸਿੰਘ, ਅਮਰਜੀਤ ਸਿੰਘ, ਦਰਸ਼ਨ ਸਿੰਘ ਗੁਰਨੇ, ਹਰਦੇਵ ਸਿੰਘ ਰਾਠੀ, ਸੁਖਵਿੰਦਰ ਸਿੰਘ ਸੱਦੇਵਾਲਾ ਵੀ ਮੌਜੂਦ ਸਨ।