ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 23 ਫਰਵਰੀ
ਦਿੱਲੀ-ਕੱਟੜਾ ਐਕਸਪ੍ਰੈੱਸ ਵੇਅ ਬਣਨ ਦੇ ਵਿਰੋਧ ਵਿੱਚ ਇਲਾਕੇ ਦੇ ਕਿਸਾਨਾਂ ਵੱਲੋਂ ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇਅ ’ਤੇ ਪਿੰਡ ਰੌਸ਼ਨਵਾਲਾ ਵਿੱਚ ਅੱਜ ਸੂਬਾ ਪੱਧਰੀ ਧਰਨਾ ਦਿੱਤਾ ਗਿਆ । ਧਰਨੇ ਨੂੰ ਸੰਬੋਧਨ ਕਰਦਿਆਂ ਆਲ ਇੰਡੀਆ ਭੂਮੀ ਬਚਾਓ ਕਮੇਟੀ ਦੇ ਚੇਅਰਮੈਨ ਰਮੇਸ਼ ਦਲਾਲ ਅਤੇ ਸੂਬਾ ਪ੍ਰਧਾਨ ਸੁਖਦੇਵ ਸਿੰਘ ਢਿਲੋਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਪੰਜਾਬ ਸਰਕਾਰ ਦੇ ਭੂਮੀ ਪ੍ਰਾਪਤੀ ਅਫਸਰ ਨੇ 25 ਫਰਵਰੀ ਤੱਕ ਜ਼ਮੀਨ ਲੈਣ ਸਬੰਧੀ ਕਾਰਵਾਈ ਨਾ ਰੋਕੀ ਤਾਂ ਉਹ ਪਟਿਆਲਾ ਵਿੱਚ ਪੱਕਾ ਧਰਨਾ ਸ਼ੁਰੂ ਕਰ ਦੇਣਗੇ। ਉਨ੍ਹਾਂ ਕਿਹਾ ਕਿ ਜਦੋਂ ਤੱਕ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਤਿੰਨ ਖੇਤੀ ਕਾਨੂੰਨਾਂ ਖਿਲਾਫ ਕਿਸਾਨ ਮੋਰਚੇ ਦਾ ਕੋਈ ਸਾਰਥਕ ਸਿੱਟਾ ਨਹੀਂ ਨਿਕਲਦਾ, ਉਦੋਂ ਤਕ ਉਹ ਦਿੱਲੀ-ਕੱਟੜਾ ਐਕਸਪ੍ਰੈਸ ਵੇਅ ਲਈ ਕਿਸੇ ਵੀ ਕੀਮਤ ’ਤੇ ਜ਼ਮੀਨ ਨਹੀਂ ਦੇਣਗੇ। ਉਨ੍ਹਾਂ ਕਿਹਾ ਕਿ ਉਹ ਪੰਜ ਰਾਜਾਂ ਦਾ ਰੋਹਤਕ ਵਿੱਚ ਪੱਕਾ ਧਰਨਾ ਦੇ ਰਹੇ ਹਨ ਅਤੇ ਕਿਸੇ ਵੀ ਕਿਸਾਨ ਦੀ ਲੁੱਟ ਨਹੀਂ ਹੋਣ ਦਿੱਤੀ ਜਾਵੇਗੀ। ਇਸ ਮੌਕੇ ਰਾਜਵਿੰਦਰ ਸਿੰਘ ਹੁੰਦਲ ਜ਼ਿਲ੍ਹਾ ਪ੍ਰਧਾਨ ਅੰਮ੍ਰਿਤਸਰ , ਬਲਵਿੰਦਰ ਸਿੰਘ ਗੁਰਦਾਸਪੁਰ ,ਬਿਕਰਮਜੀਤ ਸਿੰਘ ਲੁਧਿਆਣਾ, ਜਗਜੀਤ ਸਿੰਘ ਜਲੰਧਰ, ਪ੍ਰਭਦਿਆਲ ਸਿੰਘ ਕਪੂਰਥਲਾ, ਜਗਜੀਤ ਸਿੰਘ ਪਟਿਆਲਾ, ਪ੍ਰੀਤਮ ਸਿੰਘ ਘੱਗਾ, ਹਰਮਨਜੀਤ ਸਿੰਘ ਜੇਜੀ ਸੰਗਰੂਰ ਨੇ ਵੀ ਸੰਬੋਧਨ ਕੀਤਾ। ਸਾਬਕਾ ਸੰਸਦੀ ਸਕੱਤਰ ਸ੍ਰੀ ਪ੍ਰਕਾਸ ਚੰਦ ਗਰਗ ਅਤੇ ਆਮ ਆਦਮੀ ਪਾਰਟੀ ਦੀ ਆਗੂ ਨਰਿੰਦਰ ਕੌਰ ਭਰਾਜ ਨੇ ਵੀ ਧਰਨੇ ਵਿੱਚ ਹਾਜ਼ਰੀ ਲਗਵਾਈ ।