ਪ੍ਰਮੋਦ ਕੁਮਾਰ ਸਿੰਗਲਾ
ਸ਼ਹਿਣਾ, 26 ਦਸੰਬਰ
ਦਿੱਲੀ ਧਰਨੇ ਵਿੱਚ ਤਿੰਨ ਦਿਨ ਲਾ ਕੇ ਵਾਪਸ ਸ਼ਹਿਣਾ ਪਰਤੇ 195 ਮੈਂਬਰੀ ਜੱਥੇ ਦਾ ਅੱਜ ਗ੍ਰਾਮ ਪੰਚਾਇਤ ਸ਼ਹਿਣਾ ਦੀ ਅਗਵਾਈ ਵਿੱਚ ਕਸਬਾ ਵਾਸੀਆਂ ਵੱਲੋਂ ਸਿਰੋਪਾਓ ਅਤੇ ਹਾਰ ਪਾ ਕੇ ਸਵਾਗਤ ਕੀਤਾ ਗਿਆ। ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ, ਬੀਬੜੀਆਂ ਮਾਈਆਂ ਮੰਦਰ ਪ੍ਰਬੰਧਕ ਕਮੇਟੀ, ਸਿੱਖਿਆ ਸੰਸਥਾ ਪੁੱਤਰੀ ਪਾਠਸ਼ਾਲਾ ਪ੍ਰਬੰਧਕ ਕਮੇਟੀ, ਲੋਕਪਾਲ ਕਮੇਟੀ ਅਤੇ ਹੋਰ ਕਲੱਬਾਂ ਦੇ ਨੁਮਾਇੰਦੇ ਹਾਜ਼ਰ ਸਨ। ਸਰਪੰਚ ਮਲਕੀਤ ਕੌਰ ਕਲਕੱਤਾ ਅਤੇ ਕਾਂਗਰਸੀ ਆਗੂ ਸੁਖਵਿੰਦਰ ਸਿੰਘ ਕਲਕੱਤਾ ਨੇ ਕਿਹਾ ਕਿ ਮੋਦੀ ਸਰਕਾਰ ਨੂੰ ਲੋਕ ਰੋਹ ਅੱਗੇ ਤਿੰਨੇ ਕਾਲੇ ਕਾਨੂੰਨ ਵਾਪਸ ਲੈਣੇ ਹੀ ਪੈਣੇ ਹਨ।
ਕਿਸਾਨ ਜਥਾ ਰਾਸ਼ਨ ਲੈ ਕੇ ਦਿੱਲੀ ਰਵਾਨਾ
ਸਿਰਸਾ (ਨਿੱਜੀ ਪੱਤਰ ਪ੍ਰੇਰਕ): ਇਥੋਂ ਦੇ ਪਿੰਡ ਬਾਜੇਕਾਂ ਦੇ ਕਿਸਾਨਾਂ ਨੇ ਇੱਕ ਟਰੱਕ ਰਾਸ਼ਨ ਦਾ ਦਿੱਲੀ ਤੋਰਿਆ ਹੈ। ਪਿੰਡ ਵੱਲੋਂ ਹਰ ਹਫ਼ਤੇ ਦਸ ਕੁਇੰਟਲ ਦੁੱਧ ਤੇ ਤਾਜ਼ੀਆਂ ਸਬਜ਼ੀਆਂ ਦਿੱਲੀ ਭੇਜੀਆਂ ਜਾ ਰਹੀਆਂ ਹਨ। ਪਿੰਡ ਦੇ ਕਿਸਾਨਾਂ ਨੇ ਅੱਜ ਪਿੰਡ ਸਥਿਤ ਗੁਰਦੁਆਰਾ ਵਿੱਚ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਅਰਦਾਸ ਕੀਤੀ ਤੇ ਦਿੱਲੀ ਕਿਸਾਨਾਂ ਲਈ ਇਕ ਟਰੱਕ ਰਾਸ਼ਨ ਤੇ ਲਕੱੜਾਂ ਦਾ ਤੋਰਿਆ।
ਕਾਲਾਂਵਾਲੀ (ਪੱਤਰ ਪੇ੍ਰਕ): ਹਲਕਾ ਕਾਲਾਂਵਾਲੀ ਦੇ ਪਿੰਡ ਅਲੀਕਾਂ, ਮੱਤੜ, ਭੀਵਾਂ, ਨੇਜਾਡੇਲਾ ਖੁਰਦ ਸਮੇਤ ਵੱਖ-ਵੱਖ ਪਿੰਡਾਂ ਵਿੱਚੋਂ ਦਿੱਲੀ ਘੋਲ ਵਿੱਚ ਸ਼ਾਮਲ ਹੋਣ ਲਈ ਕਿਸਾਨ ਜਥੇ ਰਵਾਨਾ ਹੋਏ। ਇਸ ਲੜੀ ਵਿੱਚ ਅੱਜ ਪਿੰਡ ਅਲੀਕਾਂ ਤੋਂ ਚੌਥਾ ਕਿਸਾਨ ਜੱਥਾ ਰਾਸ਼ਨ ਲੈ ਕੇ ਟਰੈਕਟਰ ਟਰਾਲੀ ਵਿੱਚ ਸਵਾਰ ਹੋ ਕੇ ਦਿੱਲੀ ਰਵਾਨਾ ਹੋਇਆ।