ਟ੍ਰਿਬਿਊਨ ਨਿਊਜ਼ ਸਰਵਿਸ
ਕੋਟਕਪੂਰਾ, 30 ਅਗਸਤ
ਫਿਰੋਜ਼ਪੁਰ ਤੋਂ ਅਗਰਤਲਾ ਐਕਸਪ੍ਰੈੱਸ ਰੇਲਗੱਡੀ ਦੇ ਪਹਿਲੇ ਦਿਨ ਕੋਟਕਪੂਰਾ ਰੇਲਵੇ ਸਟੇਸ਼ਨ ਉੱਤੇ ਪਹੁੰਚਣ ’ਤੇ ਰੇਲਵੇ ਸੰਘਰਸ਼ ਸਮਿਤੀ ਕੋਟਕਪੂਰਾ ਤੇ ਸ਼ਹਿਰੀਆਂ ਨੇ ਇਸ ਦਾ ਸੁਆਗਤ ਕੀਤਾ। 22 ਬੋਗੀਆਂ ਵਾਲੀ ਤ੍ਰਿਪੁਰਾ ਸੁੰਦਰੀ ਨਾਂ ਦੀ ਇਹ ਰੇਲਗੱਡੀ ਅੱਜ ਦੁਪਹਿਰ 2:09 ਵਜੇ ਰੇਲਵੇ ਸਟੇਸ਼ਨ ਕੋਟਕਪੂਰਾ ਤੋਂ ਰਵਾਨਾ ਹੋਈ। ਰੇਲਗੱਡੀ ਦੇ ਸੁਆਗਤ ਲਈ ਲੋਕਾਂ ਨੇ ਹਾਰ ਤੇ ਲੱਡੂ ਫੜੇ ਹੋਏ ਸਨ। ਜਿਉਂ ਹੀ ਰੇਲਗੱਡੀ ਸਟੇਸ਼ਨ ’ਤੇ ਪਹੁੰਚੀ ਲੋਕਾਂ ਨੇ ਡਰਾਈਵਰ ਰਣਜੀਤ ਸਿੰਘ ਦੇ ਗਲ ਵਿੱਚ ਹਾਰ ਪਾ ਕੇ ਸੁਆਗਤ ਕੀਤਾ।
ਇਸ ਰੇਲਗੱਡੀ ਨਾਲ ਜਿੱਥੇ ਮਾਲਵਾ ਖੇਤਰ ਦਾ ਇਹ ਸਰਹੱਦੀ ਇਲਾਕਾ ਭਾਰਤ ਦੇ ਉੱਤਰ-ਪੱਛਮ ਇਲਾਕੇ ਨਾਲ ਸਿੱਧੇ ਤੌਰ ’ਤੇ ਜੁੜ ਗਿਆ ਹੈ, ਉੱਥੇ ਹੀ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਦੀ ਜਨਮ ਭੂਮੀ ਪਟਨਾ ਸਾਹਿਬ ਵੀ ਮਾਲਵੇ ਨਾਲ ਸਿੱਧੇ ਤੌਰ ’ਤੇ ਜੁੜ ਗਿਆ ਹੈ। ਇਹ ਰੇਲ ਗੱਡੀ ਫਿਰੋਜ਼ਪੁਰ ਤੋਂ ਚੱਲ ਕੇ ਫ਼ਰੀਦਕੋਟ, ਕੋਟਕਪੂਰਾ, ਬਠਿੰਡਾ ਵਾਇਆ ਸਿਰਸਾ, ਹਿਸਾਰ, ਭਿਵਾਨੀ, ਰੋਹਤਕ, ਦਿੱਲੀ, ਕਾਨਪੁਰ ਸੈਂਟਰਲ, ਪ੍ਰਯਾਗਰਾਜ, ਪੰਡਿਤ ਦੀਨ ਦਿਆਲ ਉਪਾਧਿਆਏ, ਪਾਟਲੀ ਪੁੱਤਰ, ਕਟੀਹਾਰ, ਗੁਹਾਟੀ, ਹੋਜਾਈ, ਬਦਰਪੁਰ, ਨਿਊ ਕਰੀਮਗੰਜ ਹੁੰਦੀ ਹੋਈ 2910 ਕਿਲੋਮੀਟਰ ਦਾ ਸਫ਼ਰ ਲਗਭਗ 57 ਘੰਟਿਆਂ ਵਿੱਚ ਤੈਅ ਕਰ ਕੇ ਅਗਰਤਲਾ ਪਹੁੰਚੇਗੀ।
ਕਾਲਾਂਵਾਲੀ (ਪੱਤਰ ਪ੍ਰੇਰਕ): ਰੇਲਵੇ ਵਿਭਾਗ ਵੱਲੋਂ ਨਵੀਂ ਸ਼ੁਰੂ ਕੀਤੀ ਗਈ ਫਿਰੋਜ਼ਪੁਰ-ਅਗਰਤਲਾ ਸੁੰਦਰੀ ਐਕਸਪ੍ਰੈੱਸ ਰੇਲਗੱਡੀ ਦਾ ਫਿਰੋਜ਼ਪੁਰ ਤੋਂ ਕਾਲਾਂਵਾਲੀ ਪੁੱਜਣ ’ਤੇ ਮੰਡੀ ਵਾਸੀਆਂ ਨੇ ਕਾਲਾਂਵਾਲੀ ਰੇਲਵੇ ਸੰਘਰਸ਼ ਕਮੇਟੀ ਦੇ ਬੈਨਰ ਹੇਠ ਜ਼ੋਰਦਾਰ ਸਵਾਗਤ ਕੀਤਾ। ਰੇਲਵੇ ਸੰਘਰਸ਼ ਸਮਿਤੀ ਦੇ ਪ੍ਰਧਾਨ ਨਰੇਸ਼ ਮਹੇਸ਼ਵਰੀ ਦੀ ਅਗਵਾਈ ਹੇਠ ਰੇਲਗੱਡੀ ਦੇ ਚਾਲਕ ਅਤੇ ਸਹਾਇਕ ਨੂੰ ਫੁੱਲਾਂ ਦੇ ਹਾਰ ਪਾ ਕੇ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਮਠਿਆਈ ਅਤੇ ਤੋਹਫ਼ੇ ਭੇਟ ਕੀਤੇ ਗਏ। ਇਸ ਰੇਲਗੱਡੀ ਦੇ ਚੱਲਣ ਨਾਲ ਕਾਲਾਂਵਾਲੀ ਦੇ ਲੋਕਾਂ ਨੂੰ ਫਾਇਦਾ ਹੋਵੇਗਾ ਅਤੇ ਅਨੇਕ ਰਾਜਾਂ ਵਿੱਚ ਸਿੱਧਾ ਰੇਲ ਸਫ਼ਰ ਕਰਨਾ ਆਸਾਨ ਹੋਵੇਗਾ। ਇਸ ਮੌਕੇ ਭਾਰਤ ਵਿਕਾਸ ਪਰਿਸ਼ਦ ਦੇ ਰਾਜਿੰਦਰ ਸ਼ਰਮਾ, ਦਿਨੇਸ਼ ਗਰਗ, ਵਿਨੋਦ ਜੈਨ, ਸੰਦੀਪ ਟੀਟੀ ਹਾਜ਼ਰ ਸਨ।
ਬਠਿੰਡਾ-ਫਿਰੋਜ਼ਪੁਰ ਰੇਲਵੇ ਲਾਈਨਾਂ ਦਾ ਬਿਜਲੀਕਰਨ ਸ਼ੁਰੂ
ਕੋਟਕਪੂਰਾ: ਭਾਰਤੀ ਰੇਲਵੇ ਵਿਭਾਗ ਨੇ ਬਠਿੰਡਾ ਤੋਂ ਫਿਰੋਜ਼ਪੁਰ ਤੱਕ ਰਹਿੰਦੇ ਹਿੱਸੇ ਵਿੱਚ ਵਿਛੀਆਂ ਰੇਲਵੇ ਲਾਈਨਾਂ ਦਾ ਬਿਜਲੀਕਰਨ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਸਬੰਧੀ ਅੱਜ ਤੋਂ ਕੰਮ ਸ਼ੁਰੂ ਹੋ ਗਿਆ ਹੈ। ਰੇਲਵੇ ਲਾਈਨਾਂ ਦੇ ਬਿਜਲੀਕਰਨ ਦਾ ਠੇਕਾ ਰੇਲਵੇ ਮੈਸਰਜ ਆਰ.ਕੇ ਇਨਫਰਾਸਟਰੱਕਚਰ ਪ੍ਰਾਈਵੇਟ ਲਿਮਟਿਡ ਨੂੰ ਦਿੱਤਾ ਗਿਆ ਹੈ। 2022 ਤੱਕ ਇਹ ਕੰਮ ਮੁਕੰਮਲ ਕੀਤਾ ਜਾਣਾ ਹੈ।