ਪੱਤਰ ਪ੍ਰੇਰਕ
ਮਾਨਸਾ, 14 ਅਪਰੈਲ
ਮਾਨਸਾ ਦੇ ਪਿੰਡ ਫਫੜੇ ਭਾਈਕੇ ਦੇ ਖਰੀਦ ਕੇਂਦਰ ਵਿੱਚ ਮਾਰਕੀਟ ਕਮੇਟੀ ਭੀਖੀ ਦੇ ਚੇਅਰਮੈਨ ਇਕਬਾਲ ਸਿੰਘ ਸਿੱਧੂ ਦੀ ਅਗਵਾਈ ਹੇਠ ਕਣਕ ਦੇ ਭਰੇ ਗੱਟਿਆਂ ਦਾ ਤੋਲ ਚੈੱਕ ਕੀਤਾ ਗਿਆ। ਜਿਸ ਨੂੰ ਪੂਰਨ ਚੰਦ, ਮਹਾਂਵੀਰ ਪ੍ਰਸ਼ਾਦ ਦੀ ਦਕਾਨ ਉਪਰ ਕਣਕ ਤੋਲ ਰਹੇ ਤੋਲੇ ਵਿਜੈ ਕੁਮਾਰ ਸਿੰਗਲਾ ਵੱਲੋਂ ਤੋਲਿਆ ਗਿਆ ਸੀ। ਵਜ਼ਨ ਵੱਧ ਨਿਕਲਣ ਨੂੰ ਗੰਭੀਰਤਾ ਨਾਲ ਲੈਂਦਿਆਂ ਮਾਰਕਿਟ ਕਮੇਟੀ ਭੀਖੀ ਵੱਲੋਂ ਤੁਰੰਤ ਇਸ ਤੋਲੇ ਖ਼ਿਲਾਫ਼ ਕਾਰਵਾਈ ਕਰਦਿਆਂ ਉਸਦਾ ਲਾਇਸੈਂਸ ਰੱਦ ਕਰ ਦਿੱਤਾ ਗਿਆ।
ਮਾਰਕਿਟ ਕਮੇਟੀ ਭੀਖੀ ਦੇ ਚੇਅਰਮੈਨ ਇਕਬਾਲ ਸਿੰਘ ਸਿੱਧੂ, ਜੋ ਪਿੰਡ ਫਫੜੇ ਭਾਈਕੇ ਦੇ ਸਰਪੰਚ ਵੀ ਹਨ, ਨੇ ਦੱਸਿਆ ਕਿ 110 ਗੱਟਿਆਂ ਵਿੱਚੋਂ 8 ਗੱਟੇ ਚੈੱਕ ਕੀਤੇ ਗਏ, ਜਿਨ੍ਹਾਂ ਦਾ ਵਜ਼ਨ ਕਰੀਬ 200 ਤੋਂ ਲੈ ਕੇ 300 ਗ੍ਰਾਮ ਤੱਕ ਵੱਧ ਪਾਇਆ ਗਿਆ। ਉਨ੍ਹਾਂ ਦੱਸਿਆ ਕਿ ਇਸ ਮੌਕੇ ਮੌਜੂਦ ਮੰਡੀ ਸੁਪਰਵਾਈਜ਼ਰ ਮਨਜਿੰਦਰ ਸਿੰਘ ਨੇ ਕਿਸਾਨ ਮਨਜੀਤ ਸਿੰਘ ਦੇ ਕੁੱਲ 110 ਗੱਟਿਆਂ ਪਿੱਛੇ 300 ਗ੍ਰਾਮ ਦੇ ਹਿਸਾਬ ਨਾਲ ਜੇ-ਫਾਰਮ ਤੁਰੰਤ ਦਿਵਾਇਆ ਗਿਆ। ਉਨ੍ਹਾਂ ਦੱਸਿਆ ਕਿ ਅਨਾਜ ਮੰਡੀਆਂ ਅਤੇ ਖਰੀਦ ਕੇਂਦਰਾਂ ਦੀ ਲਗਾਤਾਰ ਚੈਕਿੰਗ ਜਾਰੀ ਰਹੇਗੀ ਅਤੇ ਕਣਕ ਵੱਧ ਤੋਲਣ ਵਾਲੇ ਆੜ੍ਹਤੀਆਂ ਅਤੇ ਤੋਲਿਆਂ ਦੇ ਲਾਇਸੰਸ ਰੱਦ ਕੀਤੇ ਜਾਣਗੇ ਅਤੇ ਇਹ ਮਸਲਾ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਜਾਇਆ ਜਾਵੇਗਾ। ਇਸੇ ਦੌਰਾਨ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਦਰਸ਼ਨ ਸਿੰਘ ਗੁਰਨੇ ਨੇ ਇੱਕ ਵੱਖਰੇ ਪ੍ਰੈੱਸ ਨੋਟ ਰਾਹੀਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਨੂੰ ਮਾਨਸਾ ਜ਼ਿਲ੍ਹੇ ਦੇ ਸਾਰੇ ਖਰੀਦ ਕੇਂਦਰਾਂ ਵਿੱਚ ਤੋਲਿਆਂ ਵੱਲੋਂ ਤੋਲੀ ਗਈ ਕਣਕ ਦੇ ਗੱਟਿਆਂ ਦੀ ਨਵੇਂ ਸਿਰੇ ਤੋਂ ਹਰ-ਰੋਜ਼ ਚੈਕਿੰਗ ਕਰਨੀ ਚਾਹੀਦੀ ਹੈ।
ਵੱਧ ਤੋਲਣ ਵਾਲੇ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ: ਡਿਪਟੀ ਕਮਿਸ਼ਨਰ
ਇਸੇ ਦੌਰਾਨ ਮਾਨਸਾ ਦੇ ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਮੰਡੀਆਂ ਵਿੱਚ ਕਿਸਾਨਾਂ ਨੂੰ ਕਣਕ ਦੀ ਤੋਲਾ-ਤੁਲਾਈ ਸਮੇਤ ਲਿਫਟਿੰਗ ਅਤੇ ਕਿਸੇ ਕਿਸਮ ਦੀ ਹੋਰ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ, ਇਸ ਲਈ ਵਿਸ਼ੇਸ਼ ਟੀਮਾਂ ਦਾ ਗਠਨ ਕਰਕੇ ਹਰ ਰੋਜ਼ ਵੱਖ-ਵੱਖ ਖਰੀਦ ਕੇਂਦਰਾਂ ਅਤੇ ਅਨਾਜ ਮੰਡੀਆਂ ਵਿੱਚ ਚੈਕਿੰਗ ਕਰਨ ਦੀ ਸਖ਼ਤ ਹਦਾਇਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਜੇ ਕਿਸੇ ਕਿਸਾਨ ਦੀ ਕਣਕ ਵੱਧ ਤੋਲਣ ਦਾ ਮਾਮਲਾ ਸਾਹਮਣੇ ਆਵੇਗਾ ਤਾਂ ਸਬੰਧਤ ਫਰਮ ਖ਼ਿਲਾਫ਼ ਬਣਦੀ ਵਿਭਾਗੀ ਕਾਰਵਾਈ ਤੁਰੰਤ ਕੀਤੀ ਜਾਵੇਗੀ।
ਰਿਉਂਦ ਕਲਾਂ ਖਰੀਦ ਕੇਂਦਰ ’ਚ ਪਨਗਰੇਨ ਵੱਲੋਂ ਖਰੀਦ ਸ਼ੁਰੂ
ਬੋਹਾ (ਪੱਤਰ ਪ੍ਰੇਰਕ) ਪਿੰਡ ਰਿਉਂਦ ਕਲਾਂ ਦੇ ਅਨਾਜ ਖਰੀਦ ਕੇਂਦਰ ਵਿੱਚ ਪਹਿਲਾਂ ਕੇਂਦਰੀ ਏਜੰਸੀ ਐੱਫ.ਸੀ.ਆਈ ਵੱਲੋਂ ਕਣਕ ਦੀ ਖਰੀਦ ਕੀਤੀ ਜਾ ਰਹੀ ਸੀ ਹੁਣ ਕਿਸਾਨਾਂ ਦੀ ਮੰਗ ’ਤੇ ਖਰੀਦ ਏਜੰਸੀ ਪਨਗਰੇਨ ਨੂੰ ਵੀ ਕਣਕ ਖਰੀਦਣ ਦੇ ਅਧਿਕਾਰ ਦੇ ਦਿੱਤੇ ਗਏ ਹਨ। ਪਿੰਡ ਦੇ ਸਰਪੰਚ ਸੁਖਦੇਵ ਸਿੰਘ ਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਦੀ ਹਾਜ਼ਰੀ ਵਿੱਚ ਪਨਗਰੇਨ ਵੱਲੋਂ ਪਹਿਲੀ ਬੋਲੀ ਕਰਵਾਈ ਗਈ। ਇਸ ਮੌਕੇ ਸਰਪੰਚ ਸੁਖਦੇਵ ਸਿੰਘ ਨੇ ਕਿਹਾ ਕਿ ਮੰਡੀ ਵਿੱਚ ਕਣਕ ਖਰੀਦ ਦਾ ਕੰਮ ਸੁਚੱਜੇ ਢੰਗ ਨਾਲ ਚੱਲ ਹੈ ਤੇ ਪੰਚਾਇਤ ਦੀ ਸਾਰੇ ਖਰੀਦ ਪ੍ਰਬੰਧਾਂ ’ਤੇ ਪੂਰੀ ਨਿਗਰਾਨੀ ਹੈ।