ਜੋਗਿੰਦਰ ਸਿੰਘ ਮਾਨ
ਮਾਨਸਾ, 4 ਮਾਰਚ
ਪੰਜਾਬ ਵਿਚ ਹਰ ਦੋ-ਤਿੰਨ ਦਿਨ ਬਾਅਦ ਵਿਗੜਨ ਲੱਗੇ ਮੌਸਮ ਮਗਰੋਂ ਕਿਸਾਨਾਂ ਵਿਚ ਪੀਲੀ ਕੁੰਗੀ ਦੇ ਹਮਲੇ ਨੂੰ ਲੈ ਕੇ ਜੋ ਘਬਰਾਹਟ ਸੀ, ਉਸ ਨੂੰ ਦੂਰ ਕਰਦਿਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਅਤੇ ਖੇਤੀਬਾੜੀ ਵਿਭਾਗ ਨੇ ਦਾਅਵਾ ਕੀਤਾ ਕਿ ਮਾਲਵਾ ਖੇਤਰ ਵਿਚ ਕਿਤੇ ਵੀ ਹਾੜ੍ਹੀ ਦੀ ਮੁੱਖ ਫ਼ਸਲ ਕਣਕ ਉਪਰ ਕੋਈ ਵੀ ਬਿਮਾਰੀ ਦਾ ਹਮਲਾ ਇਸ ਵੇਲੇ ਨਹੀਂ ਹੈ। ਖੇਤੀਬਾੜੀ ਵਿਭਾਗ ਵਲੋਂ ਇਸ ਖੇਤਰ ਦੇ ਵੱਖ-ਵੱਖ ਹਿੱਸਿਆਂ ਵਿਚ ਇਕ ਵਿਸ਼ੇਸ਼ ਸਰਵੇਖਣ ਆਪਣੇ ਅਧਿਕਾਰੀਆਂ ਦੀ ਅਗਵਾਈ ਹੇਠ ਕਰਵਾਇਆ ਗਿਆ, ਜਿਸ ਅਨੁਸਾਰ ਕਣਕ ਦੀ ਫ਼ਸਲ ਦਾ ਭਰਪੂਰ ਝਾੜ ਆਉਣ ਦੀ ਸੰਭਾਵਨਾ ਹੈ। ਖੇਤੀ ਮਾਹਿਰਾਂ ਵੱਲੋਂ ਕੀਤੇ ਸਰਵੇਖਣ ਤੋਂ ਬਾਅਦ ਮੁੱਖ ਰੂਪ ਵਿਚ ਇਹ ਗੱਲ ਉਭਰਕੇ ਸਾਹਮਣੇ ਆਈ ਹੈ ਕਿ ਅਜੇ ਤੱਕ ਕਿਸੇ ਵੀ ਖੇਤ ਵਿਚ ਪੀਲੀ ਕੁੰਗੀ ਸਮੇਤ ਹੋਰ ਕਿਸੇ ਵੀ ਮਾਰੂ ਬਿਮਾਰੀ ਤੋਂ ਕਣਕ ਦੇ ਬੂਟੇ ਜਾਂ ਸਿੱਟੇ ਪ੍ਰਭਾਵਤ ਨਹੀਂ ਹੋਏ ਹਨ। ਡਿਪਟੀ ਕਮਿਸ਼ਨਰ ਮਹਿੰਦਰ ਪਾਲ ਨੇ ਮਹਿਕਮੇ ਦੇ ਅਧਿਕਾਰੀਆਂ ਨੂੰ ਲਗਾਤਾਰ ਕਿਸਾਨਾਂ ਨਾਲ ਸੰਪਰਕ ਬਣਾਈ ਰੱਖਣ ਦੇ ਆਦੇਸ਼ ਦਿੱਤੇ ਹਨ। ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਪੰਜਾਬ ਸਰਕਾਰ ਵਲੋਂ ਮਿੱਥੇ ਗਏ ਕਣਕ ਦੇ ਟੀਚੇ ਨੂੰ ਪਾਰ ਕਰਨ ਲਈ ਕਿਸਾਨਾਂ ਅਤੇ ਅਧਿਕਾਰੀਆਂ ਦਾ ਆਪਸੀ ਤਾਲਮੇਲ ਇਸ ਵੇਲੇ ਬੇਹੱਦ ਜ਼ਰੂਰੀ ਹੈ। ਖੇਤੀਬਾੜੀ ਵਿਭਾਗ ਦੇ ਡਾ. ਮਨੋਜ ਕੁਮਾਰ ਨੇ ਕਿਹਾ ਕਿ ਇਸ ਵੇਲੇ ਕਿਸੇ ਵੀ ਖੇਤ ਵਿਚ ਦੋਨਾਂ ਵਿਚੋਂ ਕੋਈ ਕੁੰਗੀ ਦਾ ਹਮਲਾ ਖੇਤੀ ਮਹਿਕਮੇ ਦੇ ਮਾਹਿਰਾਂ ਨੂੰ ਵੇਖਣ ਵਿਚ ਨਹੀਂ ਮਿਲਿਆ ਹੈ।