ਜੋਗਿੰਦਰ ਸਿੰਘ ਮਾਨ
ਮਾਨਸਾ, 22 ਨਵੰਬਰ
ਮਾਲਵਾ ਖੇਤਰ ਵਿੱਚ ਡੀਏਪੀ ਖਾਦ ਨਾ ਮਿਲਣ ਕਾਰਨ ਕਣਕ ਦੀ ਬਿਜਾਈ ਪਛੜਨ ਲੱਗੀ ਹੈ। ਪੀੜਤ ਕਿਸਾਨਾਂ ਵਿੱਚ ਬਹੁਤੇ ਛੋਟੀ ਕਿਸਾਨੀ ਨਾਲ ਜੁੜੇ ਹੋਏ ਹਨ। ਰੇਲਾਂ ਬੰਦ ਹੋਣ ਕਾਰਨ ਉਹ ਖਾਦ ਦਾ ਜੁਗਾੜ ਕਰਨ ਤੋਂ ਅਸਮਰੱਥ ਹਨ। ਉਧਰ, ਖੇਤੀ ਮਾਹਿਰਾਂ ਨੇ ਕਣਕ ਦੀ ਬਿਜਾਈ ਤੁਰੰਤ ਨਬਿੇੜਨ ਦੀ ਸਲਾਹ ਦਿੱਤੀ ਹੈ।
ਮਾਲਵਾ ਖੇਤਰ ਵਾਲੇ ਜ਼ਿਲ੍ਹਿਆਂ ਵਿੱਚ ਕਣਕ ਹੇਠ ਵੱਡੀ ਪੱਧਰ ’ਤੇ ਰਕਬਾ ਆਉਂਦਾ ਹੈ। ਖੇਤੀ ਮਾਹਿਰਾਂ ਦਾ ਕਹਿਣਾ ਹੈ ਕਿ ਅੱਧ ਨਵੰਬਰ ਤੋਂ ਪਿੱਛੋਂ ਬੀਜੀ ਕਣਕ ਦਾ ਝਾੜ ਹੀ ਨਹੀਂ ਘਟਦਾ, ਸਗੋਂ ਉਸ ਦੀ ਗੁਣਵੱਤਾ ਵਿਚ ਵੀ ਗਿਰਾਵਟ ਆ ਜਾਂਦੀ ਹੈ।
ਇੱਥੇ ਜ਼ਿਕਰਯੋਗ ਹੈ ਕਿ ਨਰਮਾ ਪੱਟੀ ਵਿਚ ਕਣਕ ਦੀ ਬਿਜਾਈ ਦਾ ਕਾਰਜ ਹਰ ਸਾਲ ਅਕਸਰ ਹੀ ਲੇਟ ਹੋ ਜਾਂਦਾ ਹੈ, ਪਰ ਇਸ ਵਾਰ ਝੋਨੇ ਹੇਠ ਰਕਬਾ ਵੱਧ ਹੋਣ ਕਾਰਨ ਭਾਵੇਂ ਖੇਤ ਖਾਲੀ ਹੋ ਗਏ ਹਨ। ਇਸ ਕਾਰਨ ਖੇਤੀ ਮਾਹਿਰਾਂ ਵੱਲੋਂ ਕਿਸਾਨਾਂ ਨੂੰ ਕਣਕ ਦੀ ਬਿਜਾਈ ਦਾ ਕਾਰਜ ਜਲਦੀ ਨਬਿੇੜਨ ਲਈ ਕਿਹਾ ਜਾਣ ਲੱਗਾ ਹੈ।
ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਬਠਿੰਡਾ ਸਥਿਤ ਖੇਤਰੀ ਖੋਜ ਕੇਂਦਰ ਦੇ ਵਿਗਿਆਨੀ ਡਾ. ਗੁਰਜਿੰਦਰ ਸਿੰਘ ਰੋਮਾਣਾ ਦਾ ਕਹਿਣਾ ਹੈ ਕਿ ਚੰਗਾ ਝਾੜ ਪ੍ਰਾਪਤ ਕਰਨ ਲਈ ਕਣਕ ਦੀ ਬਿਜਾਈ ਵੇਲੇ ਸਿਰ ਕਰਨੀ ਬੇਹੱਦ ਜ਼ਰੂਰੀ। ਜੇ ਬਿਜਾਈ ਪਛੜ ਕੇ ਕੀਤੀ ਜਾਂਦੀ ਹੈ ਤਾਂ ਉਸ ਦਾ ਪਿਛੇਤ ਅਨੁਸਾਰ ਲਗਾਤਾਰ ਝਾੜ ਘਟਦਾ ਜਾਂਦਾ ਹੈ। ਡਾ. ਰੋਮਾਣਾ ਨੇ ਕਿਹਾ ਕਿ ਢੁੱਕਵੇਂ ਸਮੇਂ ਤੋਂ ਬਿਜਾਈ ਵਿਚ ਇੱਕ ਹਫ਼ਤੇ ਦੀ ਪਿਛੇਤ, ਝਾੜ ਨੂੰ ਤਕਰੀਬਨ 250 ਕਿਲੋ ਪ੍ਰਤੀ ਏਕੜ, ਪ੍ਰਤੀ ਹਫ਼ਤਾ ਘਟਾ ਦਿੰਦੀ ਹੈ। ਉਨ੍ਹਾਂ ਮੰਨਿਆ ਕਿ ਨਵੰਬਰ ਦਾ ਪਹਿਲਾ ਪੰਦਰਵਾੜਾ ਕਣਕ ਦੇ ਚੰਗੇ ਝਾੜ ਲਈ ਸਭ ਤੋਂ ਢੁੱਕਵਾਂ ਹੈ। ਉਨ੍ਹਾਂ ਕਿਹਾ ਕਿ ਸਮੇਂ ਸਿਰ ਬੀਜੀਆਂ ਕਣਕ ਦੀਆਂ ਅਨੇਕਾਂ ਕਿਸਮਾਂ ਫ਼ਸਲ ਪੱਕਣ ਦੇ ਨੇੜੇ ਉੱਚੇ ਤਾਪਮਾਨ ਤੋਂ ਬਚੀਆਂ ਰਹਿੰਦੀਆਂ ਹਨ। ਉਨ੍ਹਾਂ ਦੱਸਿਆ ਕਿ ਝੋਨੇ ਦੀ ਕਟਾਈ ਤੋਂ ਬਾਅਦ ਕਿਸਾਨ ਕਣਕ ਦੀ ਸਿੱਧੀ ਬਿਜਾਈ ਕਰ ਕੇ ਲਗਭਗ ਦੋ ਹਜ਼ਾਰ ਰੁਪਏ ਦੀ ਬੱਚਤ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਕਿਸਾਨ ਕਣਕ ਦੀ ਬਿਜਾਈ ਵੇਲੇ 35 ਕਿਲੋ ਯੂਰੀਆ ਅਤੇ ਬੀਜ ਨੂੰ ਕਲੋਰਪੈਰੀਫਾਸ ਚਾਰ ਮਿਲੀਲਿਟਰ ਪ੍ਰਤੀ ਕਿਲੋ ਦੇ ਹਿਸਾਬ ਨਾਲ ਬੀਜ ਨੂੰ ਜ਼ਰੂਰ ਸੋਧ ਕੇ ਬੀਜਣ।