ਨਿੱਜੀ ਪੱਤਰ ਪ੍ਰੇਰਕ
ਸ੍ਰੀ ਮੁਕਤਸਰ ਸਾਹਿਬ, 9 ਦਸੰਬਰ
ਪੰਜਾਬ ਸਰਕਾਰ ਵੱਲੋਂ ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੀਆਂ ਮੰਨੀਆਂ ਮੰਗਾਂ ਨੂੰ ਲਾਗੂ ਨਾ ਕਰਨ ਦੇ ਰੋਸ ਵਜੋਂ ਦੂਜੇ ਦਿਨ ਵੀ ਮਜ਼ਦੂਰ ਮੋਰਚੇ ਦੇ ਸੱਦੇ ’ਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਪਿੰਡ ਖੁੰਡੇ ਹਲਾਲ ਅਤੇ ਭੁੱਟੀਵਾਲਾ ਵਿੱਚ ਮੁੱਖ ਮੰਤਰੀ ਦੇ ਪੁਤਲੇ ਸਾੜੇ ਗਏ। ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਜਨਰਲ ਸਕੱਤਰ ਤਰਸੇਮ ਸਿੰਘ ਖੁੰਡੇ, ਹਲਾਲ ਬਲਾਕ ਕਾਕਾ ਸਿੰਘ ਖੁੰਡੇ ਹਲਾਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੰਗਾਂ ਨੂੰ ਲਾਗੂ ਕਰਨ ਤੋਂ ਟਾਲਾ ਵੱਟਿਆ ਜਾ ਰਿਹਾ ਹੈ , ਜਿਸ ਦੇ ਚਲਦਿਆਂ ਚੰਨੀ ਸਰਕਾਰ ਦਾ ਪੁਤਲਾ ਫੂਕਿਆ ਗਿਆ ਹੈ। 12 ਦਸੰਬਰ ਨੂੰ ਗਿੱਦੜਬਾਹਾ ਵਿੱਚ ਰੇਲ ਜਾਮ ਵਿੱਚ ਮਜ਼ਦੂਰਾਂ ਵੱਲੋਂ ਵੱਡੀ ਗਿਣਤੀ ਸ਼ਾਮਲ ਹੋਣ ਦਾ ਫ਼ੈਸਲਾ ਕੀਤਾ।
ਨਿਹਾਲ ਸਿੰਘ ਵਾਲਾ (ਪੱਤਰ ਪ੍ਰੇਰਕ): ਪੇਂਡੂ ਅਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸੂਬਾਈ ਸੱਦੇ ’ਤੇ ਅੱਜ ਪੇਂਡੂ ਮਜ਼ਦੂਰ ਯੂਨੀਅਨ ਵੱਲੋਂ ਪਿੰਡ ਰਾਮਾਂ ਵਿੱਚ ਪੰਜਾਬ ਸਰਕਾਰ ਦੀ ਅਰਥੀ ਸਾੜੀ ਗਈ। ਇਸ ਮੌਕੇ ਜੱਥੇਬੰਦੀ ਦੇ ਜ਼ਲ੍ਹਾ ਪ੍ਰਧਾਨ ਭਰਪੂਰ ਸਿੰਘ ਰਾਮਾ ਨੇ ਕਿਹਾ ਕਿ 12 ਦਸੰਬਰ ਨੂੰ ਮਜ਼ਦੂਰ ਜਥੇਬੰਦੀਆਂ ਵੱਲੋਂ ਮਜ਼ਦੂਰ ਮੰਗਾਂ ਨੂੰ ਲੈ ਕੇ ਸਮੁੱਚੇ ਪੰਜਾਬ ਵਿੱਚ ਰੇਲ ਰੋਕੋ ਅੰਦੋਲਨ 12 ਤੋਂ 3 ਵਜੇ ਤਕ ਹੋਵੇਗਾ ਅਤੇ ਅਜੀਤਵਾਲ ਸਟੇਸ਼ਨ ਨੂੰ ਰੋਕਿਆ ਜਾਵੇਗਾ ।
ਸੰਗਤ ਮੰਡੀ (ਪੱਤਰ ਪ੍ਰੇਰਕ): ਦਿਹਾਤੀ ਮਜ਼ਦੂਰ ਸਭਾ ਪੰਜਾਬ ਦੀ ਬਠਿੰਡਾ ਜ਼ਿਲ੍ਹਾ ਕਮੇਟੀ ਵੱਲੋਂ ਅੱਜ ਬੀੜ ਬਹਿਮਣ, ਮੀਆਂ, ਮੁਲਤਾਨੀਆ, ਜੈ ਸਿੰਘ ਵਾਲਾ, ਜੰਗੀਰਾਣਾ, ਕਾਲਝਰਾਣੀ, ਘੁੱਦਾ, ਜੋਧਪੁਰ ਰੋਮਾਣਾ ਅਤੇ ਨਰੂਆਣਾ ਵਿੱਚ ਪੰਜਾਬ ਦੀ ਚੰਨੀ ਸਰਕਾਰ ਦੇ ਪੁਤਲੇ ਫੂਕ ਕੇ ਰੋਸ ਵਿਖਾਵੇ ਕੀਤੇ ਗਏ। ਇਸ ਮੌਕੇ 12 ਦਸੰਬਰ ਨੂੰ ਸੰਗਤ ਮੰਡੀ ਅਤੇ ਜੇਠੂਕੇ ਵਿੱਚ 12 ਤੋਂ 4 ਵਜੇ ਤੱਕ ਕੀਤੇ ਜਾ ਰਹੇ ਰੇਲ ਰੋਕੋ ਅੰਦੋਲਨ ਵਿੱਚ ਪਰਿਵਾਰਾਂ ਸਮੇਤ ਵਧ ਚੜ੍ਹ ਕੇ ਸ਼ਾਮਲ ਹੋਣ ਦੀ ਅਪੀਲ ਕੀਤੀ।
ਚਾਉਕੇ (ਪੱਤਰ ਪ੍ਰੇਰਕ): ਪਿੰਡ ਘੜੈਲਾ ਦੇ ਮਜ਼ਦੂਰਾਂ ਨੇ ਚੰਨੀ ਦਾ ਪੁਤਲਾ ਸਾੜਿਆ। ਇਸ ਮੌਕੇ ਹੋਈ ਰੈਲੀ ਨੂੰ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਮੰਗਾਂ ਦੇ ਲਾਗੂ ਨਾ ਹੋਣ ਕਾਰਨ ਖੇਤ ਮਜ਼ਦੂਰਾਂ ਵਿਚ ਡਾਢਾ ਰੋਸ ਪਾਇਆ ਜਾ ਰਿਹਾ ਹੈ।
ਮਾਨਸਾ (ਪੱਤਰ ਪ੍ਰੇਰਕ): ਪੰਜਾਬ ਸਰਕਾਰ ਵੱਲੋਂ ਸੱਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਨਾਲ 23 ਨਵੰਬਰ ਨੂੰ ਮੰਨੀਆਂ ਮਜ਼ਦੂਰ ਮੰਗਾਂ ਲਾਗੂ ਨਾ ਕਰਨ ਦੇ ਰੋਸ ਵਜੋਂ ਸਾਂਝੇ ਮਜ਼ਦੂਰ ਮੋਰਚੇ ਦੇ ਸੱਦੇ ਤਹਿਤ ਅੱਜ ਇਥੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਵੱਲੋਂ ਸ਼ਹਿਰ ਦੇ ਵਾਰਡ-4 ਵਿੱਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਰਥੀ ਸਾੜੀ। ਇਸ ਮੌਕੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਸ਼ਹਿਰੀ ਪ੍ਰਧਾਨ ਜਰਨੈਲ ਸਿੰਘ ਮਾਨਸਾ ਨੇ ਸੰਬੋਧਨ ਕੀਤਾ।
ਬੀਡੀਪੀਓ ਦਫ਼ਤਰ ਅੱਗੇ ਦਿਨ-ਰਾਤ ਧਰਨਾ ਜਾਰੀ
ਮਾਨਸਾ (ਪੱਤਰ ਪ੍ਰੇਰਕ ): ਇਸੇ ਦੌਰਾਨਮਜ਼ਦੂਰ ਮੁਕਤੀ ਮੋਰਚਾ ਪੰਜਾਬ ਵੱਲੋਂ ਰਿਹਾਇਸ਼ੀ ਪਲਾਂਟ ਪ੍ਰਾਪਤੀ ਤੇ ਔਰਤ ਕਰਜ਼ਾ ਮੁਆਫ਼ੀ ਲਈ ਬੀਡੀਪੀਓ ਦਫ਼ਤਰ ਬੁਢਲਾਡਾ ਅੱਗੇ ਜਾਰੀ ਦਿਨ-ਰਾਤ ਦੇ ਧਰਨੇ ਦੇ 6ਵੇਂ ਦਿਨ ਅੱਜ ਧਰਨੇ ਦੇ ਮੋਰਚੇ ਵਿੱਚ ਬੀਬੀਆਂ ਬੈਠੀਆਂ, ਜਿਸ ਵਿੱਚ ਸੁਖਵਿੰਦਰ ਕੌਰ,ਗੁਰਦੇਵ ਕੌਰ,ਪਰਮਜੀਤ ਕੌਰ ਸਮੇਤ ਪੰਜ ਬੀਬੀਆਂ ਬੈਠੀਆਂ। ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਆਗੂ ਕਾਮਰੇਡ ਮੱਖਣ ਸਿੰਘ ਉਡਤ ਨੇ ਕਿਹਾ ਕਿ ਮਜ਼ਦੂਰ ਵਰਗ ਵੀ ਆਪਣੇ ਹੱਕਾਂ ਲਈ ਮਜ਼ਦੂਰ ਜਥੇਬੰਦੀਆਂ ਵਿੱਚ ਸ਼ਾਮਲ ਹੋਣ। ਉਨ੍ਹਾਂ ਦੱਸਿਆ ਕਿ ਭਲਕੇ 10 ਦਸੰਬਰ ਨੂੰ ਬੁਢਲਾਡਾ ਬਲਾਕ ਦਫਤਰ ਅੱਗੇ ਮਜ਼ਦੂਰ ਰੈਲੀ ਕੀਤੀ ਜਾਵੇਗੀ, ਜਿਸ ਦੀ ਤਿਆਰੀ ਮੁਕੰਮਲ ਹੋ ਚੁੱਕੀ ਹੈ।