ਨਿੱਜੀ ਪੱਤਰ ਪ੍ਰੇਰਕ
ਬੁਢਲਾਡਾ, 14 ਫਰਵਰੀ
ਦਿੱਲੀ ਫਿਰੋਜ਼ਪੁਰ ਰੇਲ ਲਾਈਨ ’ਤੇ ਪੈਂਦੇ ਪਿੰਡ ਸਿਰਸੀਵਾਲਾ ਦੇ ਫਾਟਕ ਨੰ. 184 ’ਤੇ ਡਿਊਟੀ ਕਰ ਰਹੇ ਗੇਟਮੈਨ ਸਾਬਕਾ ਫੌਜੀ ਰੋਹੀ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਹਲਕਾ ਬੁਢਲਾਡਾ ਦੇ ਵਿਧਾਇਕ ਅਤੇ ਆਪ ਦੇ ਉਮੀਦਵਾਰ ਪ੍ਰਿੰਸੀਪਲ ਬੁੱਧ ਰਾਮ ਅਤੇ ਉਸ ਦੇ ਗੰਨਮੈਨ ਵੱਲੋਂ ਬੰਦ ਫਾਟਕ ਨੂੰ ਖੋਲ੍ਹਣ ਲਈ ਉਸ ਨਾਲ ਝਗੜਾ ਕੀਤਾ ਗਿਆ। ਇਸ ਦੌਰਾਨ ਮਾਲ ਗੱਡੀ ਰੇਲਵੇ ਫਾਟਕ ਦੇ ਨਜ਼ਦੀਕ ਆ ਗਈ ਜਿਸ ਕਾਰਨ ਮਜਬੂਰਨ ਉਸ ਨੂੰ ਗੱਡੀ ਨੂੰ ਲਾਲ ਸਿਗਨਲ ਦੇ ਕੇ ਰੋਕਣਾ ਪਿਆ। ਇਸ ਸਬੰਧੀ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੇ ਕਿਹਾ ਕਿ ਆਪ ਦੀ ਚੜ੍ਹਤ ਕਾਰਨ ਉਨ੍ਹਾਂ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਰਚੀ ਗਈ ਹੈ। ਇਸ ਘਟਨਾ ਨਾਲ ਉਨ੍ਹਾਂ ਦਾ ਕੋਈ ਸਬੰਧ ਨਹੀਂ।