ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 9 ਨਵੰਬਰ
ਨਰਮਾ ਪੱਟੀ ਦੇ ਕਿਸਾਨਾਂ ਦੇ ਚਿਹਰਿਆਂ ‘ਤੇ ਇਸ ਵਾਰ ਨਰਮੇ ਨੇ ਖੇੜਾ ਲਿਆ ਦਿੱਤਾ ਹੈ। ਸੁੰਡੀ ਦੀ ਘੱਟ ਮਾਰ ਤੇ ਸੀ.ਸੀ.ਆਈ. ਵੱਲੋਂ ਦਿੱਤੇ ਜਾ ਰਹੇ ਪੂਰੇ ਭਾਅ ਨਾਲ ਕਿਸਾਨ ਬਾਗੋ ਬਾਗ ਹਨ।
ਪਿੰਡ ਰਹੂੜਿਆਂ ਦੇ ਕਿਸਾਨ ਨਵਦੀਪ ਸਿੰਘ ਗਿੱਲ, ਹਰਪ੍ਰੀਤ ਸਿੰਘ ਤੇ ਸੁਖਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਨਰਮੇ ਦੀ ਦੋ ਚਾਰ ਚੁਗਾਈ ਕਰ ਲਈ ਹੈ ਅਤੇ ਤੀਜੀ ਚੁਗਾਈ ਦੀਵਾਲੀ ਤੋਂ ਬਾਅਦ ਕਰਨੀ ਹੈ। ਇਸ ਵਾਰ ਨਰਮੇ ਦੀ ਫਸਲ ‘ਤੇ ਕੀੜਿਆਂ ਦਾ ਹਮਲਾ ਬਹੁਤ ਘੱਟ ਹੋਇਆ ਜਿਸ ਕਰਕੇ ਕੀੜੇਮਾਰ ਦਵਾਈਆਂ ਦਾ ਖਰਚਾ ਕਾਫੀ ਬਚ ਗਿਆ ਅਤੇ ਝਾੜ ਚੰਗਾ ਹੋਣ ਕਰਕੇ 8 ਤੋਂ 9 ਕੁਇੰਟਲ ਪ੍ਰਤੀ ਏਕੜ ਫਸਲ ਨਿਕਲੀ ਹੈ। ਉਨ੍ਹਾਂ ਦੱਸਿਆ ਕਿ ਇਹ ਚੰਗੇ ਬੀਜਾਂ ਕਰਕੇ ਹੀ ਸੰਭਵ ਹੋਇਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਨਰਮਾ ਪੱਟੀ ਵਿੱਚ ਪਿਛਲੇ ਸਾਲ ਦੇ ਮੁਕਾਬਲੇ ਇਸ ਵਰ੍ਹੇ ਕਰੀਬ ਢਾਈ ਲੱਖ ਏਕੜ ਵੱਧ ਰਕਬੇ ਵਿੱਚ ਨਰਮੇ ਦੀ ਫਸਲ ਬੀਜੀ ਗਈ ਹੈ। ਪਿਛਲੇ ਵਰ੍ਹੇ ਨਰਮੇ ਹੇਠ 9 ਲੱਖ 80 ਹਜ਼ਾਰ ਏਕੜ ਰਕਬਾ ਸੀ ਜਦੋਕਿ ਇਸ ਵਰ੍ਹੇ ਇਹ ਵਧ ਕੇ 12 ਲੱਖ 52 ਹਜ਼ਾਰ ਏਕੜ ਹੋ ਗਿਆ ਹੈ। ‘ਕਾਟਨ ਕਾਰਪੋਰੇਸ਼ਨ ਆਫ ਇੰਡੀਆ’ ਨੇ ਐੱਮਐੱਸਪੀ ਦੇ ਆਧਾਰ ‘ਤੇ 5400 ਤੋਂ 5650 ਰੁਪਏ ਤੱਕ ਪ੍ਰਤੀ ਕੁਇੰਟਲ ਨਰਮੇ ਦੀ ਖਰੀਦ ਸ਼ੁਰੂ ਕਰ ਦਿੱਤੀ ਹੈ ਜਦੋਂਕਿ ਪ੍ਰਾਈਵੇਟ ਵਪਾਰੀਆਂ ਵੱਲੋਂ ਸੀਸੀਆਈ ਦੀ ਆਮਦ ਤੋਂ ਪਹਿਲਾਂ 45 ਸੌ ਤੋਂ 48 ਸੌ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਖ੍ਰੀਦ ਕੀਤੀ ਗਈ ਸੀ।
ਸੀਸੀਆਈ ਦੇ ਅਧਿਕਾਰੀਆਂ ਨੇ ਦੱਸਿਆ ਕਿ ਚੰਗੇ ਰੇਸ਼ੇ ਵਾਲਾ ਨਰਮਾ 5665 ਰੁਪਏ ਤੱਕ ਖ੍ਰੀਦ ਕੀਤਾ ਜਾਂਦਾ ਹੈ ਤੇ ਜੇਕਰ ਨਮੀ 8 ਪ੍ਰਤੀਸ਼ਤ ਤੱਕ ਹੋਵੇ ਤਾਂ ਇਹ ਭਾਅ 5725 ਰੁਪਏ ਪ੍ਰਤੀ ਕੁਇੰਟਲ ਤੱਕ ਵੀ ਪਹੁੰਚ ਜਾਂਦਾ ਹੈ। ਉਨ੍ਹਾਂ ਕਿਹਾ ਕਿ 12 ਪ੍ਰਤੀਸ਼ਤ ਤੋਂ ਜ਼ਿਆਦਾ ਨਮੀ ਵਾਲੇ ਨਰਮੇ ਦੀ ਸੀਸੀਆਈ ਵੱਲੋਂ ਖ੍ਰੀਦ ਨਹੀਂ ਕੀਤੀ ਜਾਂਦੀ। ਨਰਮੇ ਦੀ ਫਸਲ ਨੇ ਕਾਟਨ ਫੈਕਟਰੀ ਮਾਲਕਾਂ ਦੇ ਚਿਹਰਿਆਂ ‘ਤੇ ਵੀ ਰੌਣਕ ਲਿਆ ਦਿੱਤੀ ਹੈ। 9 ਪੱਤੀ ਵਾਲੀ ਗੱਠ ਦੇ 819 ਰੁਪਏ ਪ੍ਰਤੀ ਗੱਠ ਕਾਟਨ ਫੈਕਟਰੀ ਵਾਲੇ ਵਸੂਲ ਕਰਦੇ ਹਨ ਇੱਕ ਗੱਠ ਵਿੱਚ ਕਰੀਬ ਦੋ ਕੁਇਟਲ ਰੂੰ ਹੁੰਦੀ ਹੈ। ਇਸੇ ਤਰ੍ਹਾਂ ਜਿਵੇਂ-ਜਿਵੇਂ ਗੱਠ ਵੱਡੀ ਹੁੰਦੀ ਜਾਂਦੀ ਹੈ ਰੇਟ ਵੀ ਵਧਦਾ ਜਾਦਾ ਹੈ। ਸੀਸੀਆਈ ਵੱਲੋਂ ਗਿੱਦੜਬਾਹਾ ਦੀਆਂ ਤਿੰਨ, ਮੁਕਤਸਰ ਅਤੇ ਫਾਜ਼ਿਲਕਾ ਦੀਆਂ ਚਾਰ ਚਾਰ, ਮਲੋਟ ਦੀਆਂ ਛੇ ਅਤੇ ਅਬੋਹਰ ਦੀਆਂ ਗਿਆਰਾਂ ਫੈਕਟਰੀਆਂ ਨੂੰ ਗੱਠਾਂ ਬਣਾਉਣ ਦਾ ਟੈਂਡਰ ਦਿੱਤਾ ਹੈ। ਸੀਸੀਆਈ ਦੇ ਅਧਿਕਾਰੀ ਪਵਨ ਗੁਪਤਾ ਨੇ ਕਿਹਾ ਕਿ ਸੀਸੀਆਈ ਵੱਲੋ ਨਰਮੇ ਦੀ ਖ੍ਰੀਦ ਸਿੱਧੀ ਕਿਸਾਨਾਂ ਕੋਲੋਂ ਹੀ ਕੀਤੀ ਜਾ ਰਹੀ ਹੈ ਜਿਸ ਕਰਕੇ ਆੜ੍ਹਤੀਆਂ ਨੂੰ ਕੋਈ ਕਮਿਸ਼ਨ ਨਹੀਂ ਦਿੱਤਾ ਗਿਆ।