ਟ੍ਰਿਬਿਊਨ ਨਿਊਜ਼ ਸਰਵਿਸ
ਕੋਟਕਪੂਰਾ, 24 ਸਤੰਬਰ
ਪਿੰਡ ਹਰੀਨੌਂ ’ਚ ਚਿੱਟਾ ਵੇਚਣ ਦੇ ਚੱਲ ਰਹੇ ਧੰਦੇ ਤੋਂ ਅੱਕੇ ਪਿੰਡ ਵਾਸੀਆਂ ਨੇ ਇਕੱਠੇ ਹੋ ਕੇ ਚਿੱਟਾ ਵੇਚਣ ਵਾਲੇ ਇਸ ਸਖ਼ਸ਼ ਨੂੰ ਕਾਬੂ ਕਰਕੇ ਪੁਲੀਸ ਹਵਾਲੇ ਕਰ ਦਿੱਤਾ, ਜਦਕਿ ਇਸ ਦੌਰਾਨ ਉਸ ਦਾ ਇਕ ਸਾਥੀ ਮੌਕੇ ਤੋਂ ਫ਼ਰਾਰ ਹੋਣ ਵਿਚ ਸਫ਼ਲ ਹੋ ਗਿਆ। ਪੁਲੀਸ ਨੇ ਰਾਜਿੰਦਰ ਸਿੰਘ ਉਰਫ ਰਾਜੂ ਅਤੇ ਲਵਪ੍ਰੀਤ ਸਿੰਘ ਵਾਸੀ ਪਿੰਡ ਹਰੀਨੌਂ ਨੂੰ ਇਸ ਕੇਸ ਵਿਚ ਨਾਮਜ਼ਦ ਕੀਤਾ ਹੈ। ਪੁਲੀਸ ਨੇ ਮੁਲਜ਼ਮ ਤੋਂ ਕੰਪਿਊਟਰ ਕੰਡਾ ਬਰਾਮਦ ਕੀਤਾ। ਮੁਲਜ਼ਮਾਂ ਖ਼ਿਲਾਫ਼ ਐਨਡੀਪੀਐਸ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਪਿੰਡ ਵਾਸੀਆਂ ਦੀ ਹੌਸਲਾ ਅਫ਼ਜਾਈ ਕਰਨ ਲਈ ਕੋਟਕਪੂਰਾ ਵਿਧਾਇਕ ਕੁਲਤਾਰ ਸਿੰਘ ਸੰਧਵਾ ਮੌਕੇ ’ਤੇ ਪਹੁੰਚੇ ਤੇ ਉਨ੍ਹਾਂ ਲੋਕਾਂ ਨੂੰ ਇਸੇ ਤਰ੍ਹਾਂ ਇਕਜੁਟ ਹੋ ਕੇ ਚਿੱਟੇ ਖ਼ਿਲਾਫ਼ ਲੜਾਈ ਲੜਣ ਦਾ ਸੱਦਾ। ਜਾਣਕਾਰੀ ਅਨੁਸਾਰ ਦੋਵੇਂ ਮੁਲਜ਼ਮ ਲੰਘੀ ਸ਼ਾਮ ਪਿੰਡ ਅੰਦਰ ਕਥਿਤ ਚਿੱਟਾ ਵੇਚਣ ਦਾ ਧੰਦਾ ਕਰ ਰਹੇ ਸਨ। ਇਸ ਦੌਰਾਨ ਵੱਡੀ ਗਿਣਤੀ ਲੋਕ ਇਕੱਠੇ ਹੋਏ ਤੇ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਪਰ ਇਕ ਫਰਾਰ ਹੋਣ ਵਿਚ ਸਫਲ ਹੋ ਗਿਆ। ਥਾਣਾ ਸਦਰ ਦੇ ਮੁਖੀ ਪੀਪੀਐਸ ਸਰਵਜੀਤ ਸਿੰਘ ਬਰਾੜ ਨੇ ਕਿਹਾ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਪਿੰਡ ਵਿਚ ਸ਼ਰੇਆਮ ਚਿੱਟਾ ਵੇਚਣ ਦਾ ਕੰਮ ਚੱਲ ਰਿਹਾ ਹੈ। ਪੁਲੀਸ ਨੇ ਤੁਰੰਤ ਮੌਕੇ ’ਤੇ ਪਹੁੰਚ ਕੇ ਮੁਲਾਜ਼ਮ ਨੂੰ ਕਾਬੂ ਕਰ ਲਿਆ ਤੇ ਦੂਜੇ ਦੀ ਭਾਲ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ। ਦੱਸਣਯੋਗ ਹੈ ਕਿ ਹਰੀਨੌਂ ਵਿਚ ਨਸ਼ੇ ਦੇ ਚੱਲ ਰਹੇ ਧੰਦੇ ਦੇ ਵਿਰੋਧ ਵਿਚ ਪਿੰਡ ਵਾਸੀਆਂ ਨੇ ਇਕਜੁਟ ਹੋ ਕੇ ਹੰਬਲਾ ਮਾਰਨ ਦੀ ਕੋਸ਼ਿਸ਼ ਕੀਤੀ ਹੈ। ਇਸ ਪਿੰਡ ਵਿਚ ਹੋਏ ਨਸ਼ਾ ਵਿਰੋਧੀ ਸੈਮੀਨਾਰਾਂ ਵਿਚ ਪੁਲੀਸ ਨੂੰ ਕਾਰਵਾਈ ਕਰਕੇ ਚਿੱਟਾ ਵੇਚਣੋਂ ਬੰਦ ਕਰਵਾਉਣ ਬਾਰੇ ਕਿਹਾ ਗਿਆ ਪ੍ਰੰਤੂ ਇਹ ਧੰਦਾ ਬਾਦਸਤੂਰ ਜਾਰੀ ਰਿਹਾ।