ਜੋਗਿੰਦਰ ਸਿੰਘ ਮਾਨ
ਮਾਨਸਾ, 30 ਜੁਲਾਈ
ਮਾਲਵਾ ਪੱਟੀ ਵਿੱਚ ਚਿੱਟੀ ਮੱਖੀ-ਗੁਲਾਬੀ ਸੁੰਡੀ ਦੇ ਹਮਲੇ ਤੋਂ ਬਾਅਦ ਹੁਣ ਕਿਸਾਨ ਹਰ ਰੋਜ਼ ਸਪਰੇਆਂ ਕਰਨ ਲਈ ਮਹਿੰਗੇ ਅਤੇ ਵੱਡੇ ਢੋਲ ਬਣਵਾਉਣ ਲੱਗੇ ਹਨ। ਨਰਮੇ ਦੀ ਫ਼ਸਲ ਉੱਤੇ ਪਹਿਲਾਂ ਗੁਲਾਬੀ ਸੁੰਡੀ, ਫਿਰ ਚਿੱਟੀ ਮੱਖੀ ਦੇ ਹਮਲਿਆਂ ਨੇ ਕੀੜੇਮਾਰ ਦਵਾਈਆਂ ਦੀ ਵਿਕਰੀ ਵਧਾਈ ਹੋਈ ਹੈ। ਬੀਟੀ ਕਾਟਨ ਦੇ ਆਉਣ ਕਾਰਨ ਭਾਵੇਂ ਕਿ ਦਵਾਈਆਂ ਬੰਦ ਹੋਣੀਆਂ ਚਾਹੀਦੀਆਂ ਸਨ ਪਰ ਇਹ ਹਰ ਸਾਉਣੀ ਦੇ ਸੀਜ਼ਨ ਦੌਰਾਨ ਪਹਿਲਾਂ ਨਾਲੋਂ ਵੀ ਵੱਧ ਛਿੜਕੀਆਂ ਜਾਣ ਲੱਗੀਆਂ ਹਨ। ਮਾਲਵਾ ਪੱਟੀ ’ਚ ਜਿਵੇਂ ਕਿ ਅਮਰੀਕਨ ਸੁੰਡੀ ਦੇ ਹਮਲੇ ਵੇਲੇ ਵਾਤਾਵਰਣ ਜ਼ਹਿਰੀਲਾ ਤੇ ਗੰਧਲਾ ਹੋ ਗਿਆ ਸੀ, ਉਸੇ ਤਰ੍ਹਾਂ ਹੁਣ ਚਿੱਟੀ ਮੱਖੀ-ਗੁਲਾਬੀ ਸੁੰਡੀ ਨੇ ਬਣਾ ਦਿੱਤਾ ਹੈ। ਕਿਸਾਨ ਵੱਡੇ ਢੋਲਾਂ ਸਹਾਰੇ ਸਪਰੇਆਂ ਕਰਨ ਵਿੱਚ ਰੁੱਝੇ ਰਹਿੰਦੇ ਹਨ। ਇਨ੍ਹਾਂ ਦਵਾਈਆਂ ਨੂੰ ਛਿੜਕਣ ਲਈ ਮਾਲਵਾ ਖੇਤਰ ਦੇ ਕਿਸਾਨਾਂ ਨੇ ਵਿਸੇਸ਼ ਕਿਸਮ ਦੇ ਢੋਲ ਅਤੇ ਫਾਰਗਿਨ ਮਸ਼ੀਨਾਂ ਵੀ ਖਰੀਦ ਲਈਆਂ ਹਨ, ਜਿਨ੍ਹਾਂ ਦੀ ਕੀਮਤ 10 ਤੋਂ 12 ਲੱਖ ਰੁਪਏ ਦੱਸੀ ਜਾਂਦੀ ਹੈ। ਇਹ ਮਸ਼ੀਨਾਂ ਪ੍ਰੈਸ਼ਰ ਨਾਲ ਫ਼ਸਲ ’ਤੇ ਜ਼ਿਆਦਾ ਪਾਣੀ ਛਿੜਕਦੀਆਂ ਹਨ, ਪਰ ਇਸ ਦੇ ਬਾਵਜੂਦ ਚਿੱਟੀ ਮੱਖੀ-ਗੁਲਾਬੀ ਸੁੰਡੀ ਮਰਨ ਵਿੱਚ ਨਹੀਂ ਆ ਰਹੀ ਹੈ। ਮਾਨਸਾ ਜ਼ਿਲ੍ਹੇ ਵਿੱਚ ਤਕਰੀਬਨ 90 ਹਜ਼ਾਰ ਹੈਕਟੇਅਰ ਰਕਬੇ ’ਚ ਬੀਜੇ ਨਰਮੇ ’ਤੇ ਹੁਣ ਤੱਕ ਕਰੋੜਾਂ ਦੀ ਦਵਾਈ ਛਿੜਕੀ ਜਾ ਚੁੱਕੀ ਹੈ। ਮਾਨਸਾ ਦੇ ਜ਼ਿਲ੍ਹਾ ਖੇਤੀਬਾੜੀ ਮੁੱਖ ਅਫਸਰ ਡਾ. ਮਨਜੀਤ ਸਿੰਘ ਨੇ ਸਾਉਣੀ ਦੇ ਇਸ ਸੀਜ਼ਨ ਦੀ ਸ਼ੁਰੂਆਤ ਸਮੇਂ ਹੀ ਸਪਰੇਆਂ ਸ਼ੁਰੂ ਹੋਣ ਦੀ ਸੱਚਾਈ ਨੂੰ ਸਵੀਕਾਰ ਕਰਦਿਆਂ ਮਾਲਵੇ ਖਿੱਤੇ ਦੇ ਵਾਤਾਵਰਣ ’ਤੇ ਪੈਣ ਵਾਲੇ ਪ੍ਰਭਾਵ ’ਤੇ ਡੂੰਘੀ ਚਿੰਤਾ ਜ਼ਾਹਿਰ ਕੀਤੀ ਸੀ। ਉਨ੍ਹਾਂ ਦੱਸਿਆ ਕਿ ਇਸ ਨਾਲ ਕੈਂਸਰ ਜਿਹੀਆਂ ਕਈ ਬਿਮਾਰੀਆਂ ਦਾ ਖ਼ਤਰਾ ਵਧਣ ਦਾ ਖਦਸ਼ਾ ਹੈ। ਉਨ੍ਹਾਂ ਕਿਹਾ ਕਿ ਦੂਸ਼ਿਤ ਹਵਾ ਨਾਲ ਫੇਫੜਿਆਂ ਵਿਚ ਜਾਂਦੀ ਦੁਰਗੰਧ ਤੋਂ ਕਿਸਾਨਾਂ ਨੂੰ ਸਾਹ ਤੇ ਚਮੜੀ ਦੀਆਂ ਹੋਰ ਬਿਮਾਰੀਆਂ ਲੱਗਣ ਦਾ ਡਰ ਹੈ, ਜਿਸ ਕਰ ਕੇ ਫਸਲਾਂ ਨੂੰ ਬਿਮਾਰੀਆਂ ਤੋਂ ਬਚਾਉਂਦਾ ਹੋਇਆ ਕਿਸਾਨ ਖੁਦ ਬਿਮਾਰੀਆਂ ਦਾ ਸ਼ਿਕਾਰ ਹੋ ਸਕਦਾ ਹੈ। ਖੇਤੀ ਬਲਾਕ ਅਫ਼ਸਰ ਡਾ. ਮਨੋਜ ਕੁਮਾਰ ਨੇ ਮੰਨਿਆ ਕਿ ਕਿਸਾਨ ਚਿੱਟੀ ਮੱਖੀ ਤੋਂ ਬਚਾਅ ਲਈ ਖੇਤਾਂ ਵਿੱਚ ਧੜਾ-ਧੜ ਸਪਰੇਆਂ ਛਿੜਕਣ ਲੱਗੇ ਹਨ। ਉਨ੍ਹਾਂ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਉਹ ਸਿਰਫ਼ ਪ੍ਰਵਾਨਿਤ ਕੀਟਨਾਸ਼ਕਾਂ ਦੀ ਸਪਰੇਅ ਕਰਨ। ਅਗਾਂਹਵਧੂ ਕਿਸਾਨ ਜਗਦੀਪ ਸਿੰਘ ਢਿੱਲੋਂ ਨੇ ਕਿਹਾ ਕਿ ਫ਼ਸਲ ਪਾਲਣ ਲਈ ਸਪਰੇਅ ਕਰਨੀ ਕਿਸਾਨ ਦੀ ਮਜਬੂਰੀ ਹੈ। ਉਨ੍ਹਾਂ ਭਾਰਤੀ ਖੇਤੀ ਖੋਜ ਸੰਸਥਾ ਦੇ ਖੋਜ ਪੱਧਰ ’ਤੇ ਉਂਗਲੀ ਉਠਾਉਂਦਿਆਂ ਕਿਹਾ ਕਿ ਅਰਬਾਂ ਰੁਪਏ ਬਰਬਾਦ ਕਰਕੇ ਵੀ ਇਹ ਖੇਤੀ ਖੋਜ ਅਦਾਰੇ ਕੋਈ ਠੋਸ ਸਿੱਟੇ ਨਹੀਂ ਦੇ ਸਕੇ।