ਪੁਨੀਤ ਮੈਨਨ
ਧਨੌਲਾ, 21 ਅਗਸਤ
ਰੱਖੜੀ ਦਾ ਤਿਉਹਾਰ ਆਉਂਦਿਆਂ ਹੀ ਭੈਣਾਂ ਨੂੰ ਚਾਅ ਚੜ੍ਹ ਜਾਂਦਾ ਹੈ ਪਰ ਧਨੌਲਾ ਵਾਸੀ ਦੋ ਭੈਣਾਂ ਦੀ ਰੱਖੜੀ ਇਸ ਸਾਲ ਗੁੱਟ ਤੇ ਬੰਨ੍ਹਣ ਬਾਝੋਂ ਰਹਿ ਗਈ ਕਿਉਂਕਿ ਉਨ੍ਹਾਂ ਦਾ ਨੌਜਵਾਨ ਭਰਾ ਮਨਜੀਤ ਸਿੰਘ (19) ਗਰੀਬੀ ਕਾਰਨ ਬੀਤੇ ਦਿਨੀਂ ਖ਼ੁਦਕੁਸ਼ੀ ਕਰ ਗਿਆ ਸੀ।
ਸੁਮਨਪ੍ਰੀਤ ਕੌਰ (15) ਤੇ ਪ੍ਰੀਤਪਾਲ ਕੌਰ (17) ਨੇ ਦੱਸਿਆ, ‘ਲੰਮਾ ਸਮਾਂ ਪਹਿਲਾਂ ਐਕਸੀਡੈਂਟ ਕਾਰਨ ਪਿਤਾ ਦੀ ਮੌਤ ਹੋ ਗਈ ਸੀ, ਬਾਅਦ ’ਚ ਮਾਂ ਵੀ ਘਰ ਛੱਡ ਕੇ ਚਲੀ ਗਈ। ਉਨ੍ਹਾਂ ਮਗਰੋਂ ਬੱਸ ਮਨਜੀਤ ਹੀ ਇਕ ਕਮਾਊ ਸਹਾਰਾ ਸੀ, ਜੋ ਗਰੀਬੀ ਦਾ ਬੋਝ ਨਾ ਸਹਾਰਦਿਆਂ ਸਾਨੂੰ ਇਕੱਲਿਆਂ ਛੱਡ ਗਿਆ।’
ਪ੍ਰੀਤਪਾਲ ਨੇ ਕਿਹਾ ਕਿ ਭਰਾ ਦੀ ਰੋਜ਼ਾਨਾ ਦਿਹਾੜੀ ਦੀ ਕਮਾਈ ਨਾਲ ਦੋ ਡੰਗ ਰੋਟੀ ਦਾ ਹੀਲਾ ਹੋ ਜਾਂਦਾ ਸੀ ਪਰ ਕਰੋਨਾ ਮਗਰੋਂ ਉਸ ਨੂੰ ਕੋਈ ਕੰਮ ਨਾ ਮਿਲਿਆ ਤੇ ਉਸ ਨੇ ਫਾਹਾ ਲਾ ਖੁਦਕੁਸ਼ੀ ਕਰ ਲਈ। ਉਨ੍ਹਾਂ ਦੱਸਿਆ ਕਿ ਘਰ ਦੀ ਛੱਤ ਵੀ ਡਿੱਗਣ ਵਾਲੀ ਹੈ, ਇੱਕ ਕਮਰੇ ਵਿੱਚ ਹੀ ਗੁਜ਼ਾਰਾ ਚਲਦਾ ਹੈ। ਭਰੇ ਮਨ ਨਾਲ ਦੋਵਾਂ ਨੇ ਕਿਹਾ ਕਿ ਅੱਜ ਦੇ ਦਿਨ ਭੈਣਾਂ ਚਾਅ ਨਾਲ ਭਰਾ ਦੇ ਹੱਥ ਰੱਖੜੀ ਬੰਨ੍ਹਦੀਆਂ ਪਰ ਸਾਡੇ ਲਈ ਕਾਲ ਬਣਿਆ ਕਰੋਨਾ ਭਰਾ ਸਮੇਤ ਇਸ ਘਰ ਦੀਆਂ ਖੁਸ਼ੀਆਂ ਵੀ ਲੈ ਗਿਆ। ਹਾਲੇ ਤੱਕ ਸਰਕਾਰ ਜਾਂ ਕਿਸੇ ਸਮਾਜਸੇਵੀ ਦੀ ਇਨ੍ਹਾਂ ’ਤੇ ਸਵੱਲੀ ਨਜ਼ਰ ਨਹੀਂ ਪਈ ਹੈ
ਲੋਕਾਂ ਵੱਲੋਂ ਚੀਨ ਦੀਆਂ ਰੱਖੜੀਆ ਨੂੰ ਨਾਂਹ
ਮਾਨਸਾ (ਪੱਤਰ ਪ੍ਰੇਰਕ): ਰੱਖੜੀ ਦੇ ਤਿਉਹਾਰ ਲਈ ਇਸ ਵਾਰ ਲੋਕਾਂ ਨੇ ਚੀਨ ਦੀਆਂ ਬਣੀਆਂ ਰੱਖੜੀਆਂ ਤੇ ਹੋਰ ਸਾਮਾਨ ਖ਼ਰੀਦਣ ਤੋਂ ਟਾਲਾ ਵੱਟਿਆ ਹੈ।ਰੱਖੜੀ ਵਿਕਰੇਤਾ ਤਰਸੇਮ ਕੁਮਾਰ ਜਿੰਦਲ ਨੇ ਦੱਸਿਆ ਕਿ ਇਸ ਵਾਰ ਕਿਸੇ ਨੇ ਵੀ ਚਾਈਨੀਜ਼ ਰੱਖੜੀ ਦੀ ਮੰਗ ਹੀ ਨਹੀਂ ਕੀਤੀ। ਨਰੇਸ਼ ਕੁਮਾਰ, ਗੋਲੂ ਮੱਲ ਨੇ ਕਿਹਾ ਕਿ ਸਵਦੇਸ਼ੀ ਰੱਖੜੀ ਵੇਚਣ ਲੱਗਿਆ ਉਨ੍ਹਾਂ ਨੂੰ ਕੋਈ ਮੁਸ਼ਕਲ ਨਹੀਂ ਹੋਈ। ਓਮ ਪ੍ਰਕਾਸ਼ ਸੋਨੀ ਨੇ ਕਿਹਾ ਕਿ ਸਾਡੇ ਦੇਸ਼ ਵਿੱਚ ਤਿਆਰ ਹੁੰਦੀ ਰੱਖੜੀ ਦੀ ਕੀਮਤ ਵਿਦੇਸ਼ੀ ਕੀਮਤਾਂ ਦੇ ਮੁਕਾਬਲੇ ਵੱਧ ਨਹੀਂ ਹਨ। ਐਂਤਕੀ ਸੁਨਿਆਰੇ ਦੀਆਂ ਦੁਕਾਨਾਂ ਤੋਂ ਚਾਂਦੀ ਦੀਆਂ ਰੱਖੜੀਆਂ ਖ਼ਰੀਦਣ ਵਾਲਿਆਂ ਦੀ ਗਿਣਤੀ ਵਿੱਚ ਵੀ ਵਾਧਾ ਹੋਇਆ ਹੈੈ।