ਪੱਤਰ ਪ੍ਰੇਰਕ
ਜ਼ੀਰਾ, 28 ਅਕਤੂਬਰ
ਭਾਰਤੀ ਕਿਸਾਨ ਯੂਨੀਅਨ ਖੋਸਾ ਦੇ ਸੂਬਾ ਪ੍ਰਧਾਨ ਸੁਖਜਿੰਦਰ ਸਿੰਘ ਖੋਸਾ ਅਤੇ ਸੂਬਾ ਜਰਨਲ ਸਕੱਤਰ ਗੁਰਿੰਦਰ ਸਿੰਘ ਭੰਗੂ ਦੀ ਅਗਵਾਈ ਹੇਠ ਅੱਜ ਮਾਲਬਰੋਜ਼ ਸ਼ਰਾਬ ਫੈਕਟਰੀ ਪਿੰਡ ਮਨਸੂਰਵਾਲ ਕਲਾਂ ਵਿੱਚ ਫੈਕਟਰੀ ਨੂੰ ਬੰਦ ਕਰਵਾਉਣ ਲਈ ਲਗਾਏ ਗਏ ਦਿਨ ਰਾਤ ਦੇ ਪੱਕੇ ਮੋਰਚੇ ਨੂੰ ਹੋਰ ਮਜ਼ਬੂਤ ਕਰਨ ਲਈ ਸੂਬਾ ਪ੍ਰੈੱਸ ਸਕੱਤਰ ਮੰਗਲ ਸਿੰਘ ਸੰਧੂ ਸ਼ਾਹਵਾਲਾ ਸਾਥੀਆਂ ਸਮੇਤ ਮੋਰਚੇ ’ਤੇ ਪਹੁੰਚੇ। ਇਸ ਮੌਕੇ ਉਨ੍ਹਾਂ ਸੰਬੋਧਨ ਕਰਦਿਆਂ ਕਿਹਾ,‘‘ਜ਼ੀਰਾ ਇਲਾਕੇ ਵਿੱਚ ਲੱਗੀ ਮਾਲਬਰੋਜ਼ ਸ਼ਰਾਬ ਫੈਕਟਰੀ ਜਿੰਨਾ ਚਿਰ ਬੰਦ ਨਹੀਂ ਹੁੰਦੀ ਬੀਕੇਯੂ ਖੋਸਾ ਉੰਨਾ ਚਿਰ ਪਿੱਛੇ ਨਹੀ ਹਟੇਗੀ, ਅਸੀਂ ਸਰਕਾਰ ਨੂੰ ਫੈਕਟਰੀ ਬੰਦ ਕਰਨ ਲਈ ਮਜਬੂਰ ਕਰ ਦਿਆਂਗੇ, ਭਾਂਵੇ ਸਾਡੀਆਂ ਜਾਨਾਂ ਵੀ ਚਲੀਆਂ ਜਾਣ।’’ ਸੀਨੀਅਰ ਮੀਤ ਪ੍ਰਧਾਨ ਫਤਿਹ ਸਿੰਘ ਕੋਟ ਕਰੋੜ ਅਤੇ ਸੂਬਾ ਮੀਤ ਪ੍ਰਧਾਨ ਜਸਵੀਰ ਸਿੰਘ ਝਾਮਕਾ ਨੇ ਕਿਹਾ,‘‘ਜਿੰਨਾ ਚਿਰ ਫੈਕਟਰੀ ਬੰਦ ਨਹੀ ਹੁੰਦੀ ਉੰਨਾ ਚਿਰ ਸਾਡੀ ਜਥੇਬੰਦੀ ਇਲਾਕੇ ਦੇ ਲੋਕਾਂ ਨਾਲ ਖੜੀ ਰਹੇਗੀ।’’ ਇਸ ਮੌਕੇ ਪਰਮਜੀਤ ਸਿੰਘ ਭੁੱਲਰ,ਮੇਲਾ ਸਿੰਘ ਹਰਦਾਸਾ ਮੀਤ ਪ੍ਰਧਾਨ ਫਿਰੋਜ਼ਪੁਰ,ਚਮਕੌਰ ਸਿੰਘ ਰਟੌਲ ਰੋਹੀ ਜਰਨਲ ਸਕੱਤਰ ਫਿਰੋਜ਼ਪੁਰ, ਗੁਰਜੰਟ ਸਿੰਘ ਸਟੇਜ ਸੈਕਟਰੀ, ਕ੍ਰਿਪਾਲ ਸਿੰਘ ਛੂਛਕ ਪ੍ਰੈੱਸ ਸਕੱਤਰ ਆਦਿ ਹਾਜ਼ਰ ਸਨ।