ਖੇਤਰੀ ਪ੍ਰਤੀਨਿਧ
ਬਰਨਾਲਾ, 4 ਮਈ
ਸ਼ਹਿਰ ਦੇ ਸੀਵਰ ਟ੍ਰੀਟਮੈਂਟ ਪਲਾਂਟ ਦੇ ਸੋਧੇ ਹੋਏ ਪਾਣੀ ਨਾਲ 1350 ਏਕੜ ਖੇਤੀ ਰਕਬੇ ਦੀ ਸਿੰਜਾਈ ਹੋਵੇਗੀ ਇਸ ਦਾ ਕਰੀਬ 230 ਕਿਸਾਨਾਂ ਨੂੰ ਲਾਹਾ ਮਿਲੇਗਾ। ਡੀਸੀ ਬਰਨਾਲਾ ਹਰੀਸ਼ ਨਾਇਰ ਨੇ ਅੱਜ ਸਥਾਨਕ ਬਾਜਾਖਾਨਾ ਰੋਡ ’ਤੇ ਨਵੇਂ ਉਸਾਰੇ ਸੀਵਰ ਟ੍ਰੀਟਮੈਂਟ ਪਲਾਂਟ ਦਾ ਦੌਰਾ ਕੀਤਾ। ਉਨ੍ਹਾਂ ਨਾਲ ਏਡੀਸੀ ਅਮਿਤ ਬੈਂਬੀ ਵੀ ਮੌਜੂਦ ਸਨ। ਡੀਸੀ ਅਤੇ ਏਡੀਸੀ ਨੇ ਕਿਸਾਨਾਂ ਨੂੰ ਸੋਧਿਆ ਪਾਣੀ ਦੇਣ ਲਈ ਬਿਛਾਈ ਜਾ ਰਹੀ ਪਾਈਪਲਾਈਨ ਦੇ ਕੰਮ ਦਾ ਵੀ ਨਿਰੀਖਣ ਕੀਤਾ। ਉਨ੍ਹਾਂ ਕਿਹਾ ਕਿ ਸੀਵਰੇਜ ਵਿਭਾਗ ਵੱਲੋਂ 20 ਐਮਐਲਡੀ (ਮਿਲੀਅਨ ਲਿਟਰ ਪ੍ਰਤੀ ਦਿਨ) ਦਾ ਪਲਾਂਟ ਸੁਚਾਰੂ ਢੰਗ ਨਾਲ ਚਲਾਇਆ ਜਾ ਰਿਹਾ ਹੈ। ਹੁਣ ਪਾਈਪਾਂ ਵਿਛਾਉਣ ਦਾ ਕੰਮ ਜ਼ੋਰਾਂ ’ਤੇ ਚੱਲ ਰਿਹਾ ਹੈ। ਦੱਸਿਆ ਕਿ ਇਹ ਕੰਮ ਭੂਮੀ ਰੱਖਿਆ ਵਿਭਾਗ ਵੱਲੋਂ 5.95 ਕਰੋੜ ਦੀ ਲਾਗਤ ਨਾਲ ਕੀਤਾ ਜਾ ਰਿਹਾ ਹੈ। ਜੋ 30 ਜੂਨ ਤੱਕ ਮੁਕੰਮਲ ਹੋ ਜਾਵੇਗਾ। ਏਡੀਸੀ (ਜਨਰਲ) ਅਮਿਤ ਬੈਂਬੀ ਨੇ ਦੱਸਿਆ ਕਿ ਸੋਧਿਆ ਹੋਈਆ ਪਾਣੀ ਉਹਨਾਂ ਇਲਾਕਿਆਂ ਚ ਸਿੰਚਾਈ ਕਰੇਗਾ ਜਿਥੇ ਹੁਣ ਟਿਊਬਵੈੱਲਾਂ ਤੋਂ ਧਰਤੀ ਹੇਠਲੇ ਪਾਣੀ ਦਾ ਇਸਤੇਮਾਲ ਕਰਦਿਆਂ ਸਿੰਚਾਈ ਕੀਤੀ ਜਾ ਰਹੀ ਹੈ। ਕੰਮ ਚ ਉੱਚ ਗੁਣਵੱਤਾ ਦਾ ਖਿਆਲ ਰੱਖਿਆ ਜਾ ਰਿਹਾ ਹੈ। ਇਸ ਮੌਕੇ ਐੱਸ. ਡੀ. ਓ ਸੀਵਰੇਜ ਬੋਰਡ ਰਜਿੰਦਰ ਕੁਮਾਰ, ਭੂਮੀ ਰੱਖਿਆ ਅਫ਼ਸਰ ਮਨਦੀਪ ਸਿੰਘ ਅਤੇ ਹੋਰ ਅਫ਼ਸਰ ਵੀ ਹਾਜ਼ਰ ਸਨ।