ਸ਼ਗਨ ਕਟਾਰੀਆ
ਜੈਤੋ, 31 ਜਨਵਰੀ
ਇਥੇ ਕਾਂਗਰਸ ਪਾਰਟੀ ਨੂੰ ਉਸ ਵੇਲੇ ਵੱਡਾ ਖੋਰਾ ਲੱਗਿਆ ਜਦੋਂ ਸ਼ਹਿਰ ਦੇ 5 ਕਾਂਗਰਸੀ ਕੌਂਸਲਰ ਸੁਮਨ ਦੇਵੀ, ਸੀਮਾ ਦੇਵੀ, ਖ਼ੁਸ਼ੀ ਰਾਮ, ਮਨਜੀਤ ਕੌਰ ਅਤੇ ਹਰਪ੍ਰੀਤ ਕੌਰ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਨ੍ਹਾਂ ਸਾਰਿਆਂ ਨੂੰ ਰਸਮੀ ਤੌਰ ’ਤੇ ਅਕਾਲੀ ਦਲ ਵਿੱਚ ਸ਼ਾਮਿਲ ਕੀਤਾ। ਅਹਿਮ ਤੇ ਰੌਚਿਕ ਪੱਖ ਇਹ ਹੈ ਕਿ ਪਾਰਟੀ ਬਦਲਣ ਵਾਲੇ ਜ਼ਿਆਦਾਤਰ ਕੌਂਸਲਰ ਲੋਕ ਸਭਾ ਮੈਂਬਰ ਮੁਹੰਮਦ ਸਦੀਕ ਖੇਮੇ ਦੇ ਸਨ। ਇਸ ਵਾਰ ਜਨਾਬ ਸਦੀਕ ਦੀ ਬੇਟੀ ਜਾਵੇਦ ਅਖ਼ਤਰ ਜੈਤੋ ਹਲਕੇ ਤੋਂ ਚੋਣ ਲੜਨ ਦੇ ਪ੍ਰਬਲ ਦਾਅਵੇਦਾਰ ਸਨ ਪਰ ਉਨ੍ਹਾਂ ਦੀ ਬਜਾਇ ਕਾਂਗਰਸ ਹਾਈਕਮਾਂਡ ਵੱਲੋਂ ਕਾਮਰੇਡ ਦਰਸ਼ਨ ਸਿੰਘ ਢਿੱਲਵਾਂ ਨੂੰ ਜੈਤੋ ਤੋਂ ਟਿਕਟ ਦਿੱਤੀ ਗਈ ਹੈ। ਇਸ ਕਵਾਇਦ ਮਗਰੋਂ ਧੜੇਬੰਦੀ ਦੀ ਸ਼ਿਕਾਰ ਸਥਾਨਕ ਕਾਂਗਰਸ ’ਚ ਹੜਕੰਪ ਮੱਚਿਆ ਹੋਇਆ ਹੈ। ਸੀਨੀਅਰ ਅਕਾਲੀ ਆਗੂ ਅਤੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਜ਼ੈਲਦਾਰ ਯਾਦਵਿੰਦਰ ਸਿੰਘ ਯਾਦੀ ਦੇ ਨਿਵਾਸ ’ਤੇ ਹੋਏ ਸੈਂਕੜੇ ਲੋਕਾਂ ਦੀ ਮੌਜੂਦਗੀ ਵਿਚ ਹੋਏ ਸਮਾਗਮ ਦੌਰਾਨ ਕੌਂਸਲਰਾਂ ਤੋਂ ਇਲਾਵਾ ਕਾਂਗਰਸੀ ਆਗੂਆਂ ਸੁਖਵਿੰਦਰ ਪਾਲ ਗਰਗ, ਪ੍ਰਦੀਪ ਕੁਮਾਰ ਗਰਗ, ਭੁਪਿੰਦਰ ਸਿੰਘ ਸਮੇਤ ਹੋਰਨਾਂ ਸਿਆਸੀ ਧਿਰਾਂ ਦੇ ਆਗੂਆਂ ਤੇ ਸਮਰਥਕਾਂ ਨੇ ਵੀ ਅਕਾਲੀ ਦਲ ਦਾ ਪੱਲਾ ਫੜ੍ਹਿਆ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਵਿਆਪਕ ਅੰਦਰੂਨੀ ਫੁੱਟ ਦਾ ਸ਼ਿਕਾਰ ਹਨ। ਉਨ੍ਹਾਂ ਪੇਸ਼ੀਨਗੋਈ ਕੀਤੀ ਕਿ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਨੂੰ ਮਹਿਜ਼ 10-12 ਅਤੇ ਆਮ ਆਦਮੀ ਪਾਰਟੀ ਨੂੰ 8 ਤੋਂ 10 ਸੀਟਾਂ ਮਿਲਣਗੀਆਂ ਜਦ ਕਿ ਬਾਕੀ ਸਾਰੀਆਂ ਸੀਟਾਂ ’ਤੇ ਸ਼੍ਰੋਮਣੀ ਅਕਾਲੀ ਦਲ ਜੇਤੂ ਰਹੇਗਾ।
ਇਸ ਮੌਕੇ ਸਾਬਕਾ ਅਕਾਲੀ ਮੰਤਰੀ ਸਿਕੰਦਰ ਸਿੰਘ ਮਲੂਕਾ, ਜੈਤੋ ਹਲਕੇ ਤੋਂ ਅਕਾਲੀ-ਬਸਪਾ ਉਮੀਦਵਾਰ ਸੂਬਾ ਸਿੰਘ ਬਾਦਲ, ਗੁਰਚੇਤ ਸਿੰਘ ਢਿੱਲੋਂ, ਕਰਤਾਰ ਸਿੰਘ ਸਿੱਖਾਂਵਾਲਾ, ਵਿਨੈ ਬਾਂਸਲ, ਵਿਪਨ ਗਰਗ, ਰਾਮ ਪਾਲ ਚੋਪੜਾ, ਕਾਬਲ ਸਿੰਘ ਭੁੱਲਰ ਸਮੇਤ ਵੱਡੀ ਗਿਣਤੀ ’ਚ ਮੁਕਾਮੀ ਆਗੂ ਤੇ ਵਰਕਰ ਹਾਜ਼ਰ ਸਨ।