ਪੱਤਰ ਪ੍ਰੇਰਕ
ਧਰਮਕੋਟ, 12 ਨਵੰਬਰ
ਨਸ਼ਿਆਂ ਦੀ ਤਸਕਰੀ ਵਿੱਚ ਸ਼ਾਮਲ ਪਿੰਡ ਦੌਲੇਵਾਲਾ ਦੀ ਇੱਕ ਔਰਤ ਨੂੰ ਕੋਟ ਈਸੇ ਖਾਂ ਪੁਲੀਸ ਨੇ ਕਾਬੂ ਕੀਤਾ ਹੈ। ਮੁਲਜ਼ਮ ਔਰਤ ਪਾਸੋਂ ਕੋਲੋਂ 143 ਗ੍ਰਾਮ ਹੈਰੋਇਨ ਅਤੇ 30 ਹਜ਼ਾਰ ਰੁਪਏ ਨਗਦੀ ਬਰਾਮਦ ਹੋਈ ਹੈ। ਉਪ ਪੁਲੀਸ ਕਪਤਾਨ ਧਰਮਕੋਟ ਰਮਨਦੀਪ ਸਿੰਘ ਅਤੇ ਥਾਣਾ ਕੋਟ ਈਸੇ ਖਾਂ ਦੇ ਮੁਖੀ ਅਮਰਜੀਤ ਸਿੰਘ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਬਲਜੀਤ ਕੌਰ ਅਤੇ ਪੁਲੀਸ ਪਾਰਟੀ ਨੇ ਔਰਤ ਗੁਰਜੀਤ ਕੌਰ ਪਤਨੀ ਮਨਜੀਤ ਸਿੰਘ ਨੂੰ ਇਕ ਗੁਪਤ ਸੂਚਨਾ ਦੇ ਆਧਾਰ ਉੱਤੇ ਕਾਬੂ ਕੀਤਾ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਔਰਤ ਪੁਲੀਸ ਤੋਂ ਬਚਦੀ ਆ ਰਹੀ ਸੀ। ਸੂਚਨਾ ਦੇ ਆਧਾਰ ’ਤੇ ਪੁਲੀਸ ਨੇ ਉਸਦੇ ਘਰ ਪਿੰਡ ਦੌਲੇਵਾਲਾ ਵਿੱਚ ਤਲਾਸ਼ੀ ਵੀ ਲਈ ਲੇਕਿਨ ਉਹ ਕਾਬੂ ਨਾ ਆਈ ਪਰ ਬਾਅਦ ਵਿੱਚ ਉਸ ਨੂੰ ਨਿਹਾਲਗੜ੍ਹ ਦੇ ਅੱਡੇ ਤੋਂ ਕਾਬੂ ਕਰ ਲਿਆ ਗਿਆ।