ਨਿੱਜੀ ਪੱਤਰ ਪ੍ਰੇਰਕ
ਕੋਟਕਪੂਰਾ, 30 ਅਪਰੈਲ
ਇੱਥੇ ਦੁਆਰੇਆਣਾ ਰੋਡ ’ਤੇ ਸਥਿਤ ਮੰਦਰ ਵਾਲੀ ਗਲੀ ਵਿੱਚ ਬਾਅਦ ਦੁਪਹਿਰ ਇੱਕ ਵਿਆਹੁਤਾ ਨੇ ਆਪਣੇ ਪਤੀ ਤੇ ਸਹੁਰਾ ਪਰਿਵਾਰ ਤੋਂ ਤੰਗ ਹੋ ਕੇ ਪੱਖੇ ਨਾਲ ਲਟਕ ਕੇ ਖ਼ੁਦਕੁਸ਼ੀ ਕਰ ਲਈ ਹੈ। ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਨੇ ਸਹੁਰਾ ਪਰਿਵਾਰ ’ਤੇ ਉਨ੍ਹਾਂ ਦੀ ਲੜਕੀ ਨੂੰ ਤੰਗ-ਪ੍ਰੇਸ਼ਾਨ ਕਰਨ ਦੇ ਦੋਸ਼ ਲਾਏ ਹਨ। ਪੁਲੀਸ ਨੇ ਮ੍ਰਿਤਕਾ ਦੇ ਪਿਤਾ ਦੇ ਬਿਆਨ ਕਲਮਬੱਧ ਕਰ ਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ।
ਮ੍ਰਿਤਕਾ ਦੇ ਪਿਤਾ ਇਕਬਾਲ ਸਿੰਘ ਨੇ ਪਿਤਾ ਨੇ ਦੱਸਿਆ ਕਿ ਪਰਸੋਂ ਪਰਿਵਾਰ ਵਿੱਚ ਲੜਾਈ ਤੇ ਕਲੇਸ਼ ਹੋਣ ’ਤੇ ਉਹ ਆਪਣੇ ਲੜਕੀ ਦੇ ਸਹੁਰੇ ਘਰ ਗਿਆ ਸੀ। ਉਸਨੇ ਕਿਹਾ ਕਿ ਉਹ ਕੁੱਝ ਦਿਨ ਲਈ ਆਪਣੀ ਲੜਕੀ ਨੂੰ ਨਾਲ ਲੈ ਜਾਂਦਾ ਹੈ ਤੇ ਜਦੋਂ ਪਰਿਵਾਰ ਦਾ ਮਾਹੌਲ ਸ਼ਾਂਤ ਹੋ ਜਾਵੇਗਾ ਤਾਂ ਉਹ ਉਸ ਨੂੰ ਵਾਪਸ ਛੱਡ ਜਾਵੇਗਾ ਪਰ ਸਹੁਰਾ ਪਰਿਵਾਰ ਨੇ ਉਸਦੀ ਲੜਕੀ ਨੂੰ ਉਸ ਨਾਲ ਨਹੀਂ ਭੇਜਿਆ। ਮ੍ਰਿਤਕਾ ਦੀ ਭੈਣ ਰਮਨਦੀਪ ਕੌਰ ਨੇ ਦੱਸਿਆ ਕਿ ਪਰਸੋਂ ਤੋਂ ਪਰਿਵਾਰ ਵਿੱਚ ਕਲੇਸ਼ ਸੀ। ਉਸਦੇ ਪਿਤਾ ਵੀ ਗਏ ਸਨ ਤੇ ਜੇਕਰ ਉਸਦੀ ਭੈਣ ਦੀ ਕੋਈ ਗਲਤੀ ਸੀ ਤਾਂ ਉਸ ਨੂੰ ਵਾਪਸ ਉਸਦੇ ਪਿਤਾ ਨਾਲ ਤੋਰ ਦਿੰਦੇ, ਪਰ ਉਨ੍ਹਾਂ ਆਖਿਆ ਕਿ ਉਹ ਸਰਬਜੀਤ ਨੂੰ ਆਪਣੇ ਕੋਲ ਰੱਖਣਗੇ ਪਰ ਅੱਜ ਉਸਦੀ ਲਾਸ਼ ਮਿਲੀ।
ਡੀ.ਐੱਸ.ਪੀ. ਰਮਨਦੀਪ ਸਿੰਘ ਭੁੱਲਰ ਨੇ ਆਖਿਆ ਕਿ ਉਨ੍ਹਾਂ ਨੂੰ ਘਟਨਾ ਸਬੰਧੀ ਸੂਚਨਾ ਮਿਲੀ ਸੀ। ਪੁਲੀਸ ਵੱਲੋਂ ਲਾਸ਼ ਸਿਵਲ ਹਸਪਤਾਲ ਦੇ ਮੁਰਦਾ ਘਰ ਵਿੱਚ ਰਖਵਾਈ ਗਈ ਹੈ। ਪਰਿਵਾਰਕ ਮੈਂਬਰਾਂ ਦੇ ਬਿਆਨ ’ਤੇ ਖ਼ੁਦਕੁਸ਼ੀ ਲਈ ਮਜਬੂਰ ਕਰਨ ਦੇ ਦੋਸ਼ ਹੇਠ ਕੇਸ ਦਰਜ ਕਰਨ ਮਗਰੋਂ ਕਾਰਵਾਈ ਕੀਤੀ ਜਾਵੇਗੀ।