ਪੱਤਰ ਪ੍ਰੇਰਕ
ਅਬੋਹਰ, 27 ਮਈ
ਫਾਜ਼ਿਲਕਾ ਰੋਡ ’ਤੇ ਪਿੰਡ ਨਿਹਾਲ ਖੇੜਾ ਨੇੜੇ ਮੋਟਰਸਾਈਕਲ ਦੇ ਪਿਛਲੇ ਟਾਇਰ ਵਿੱਚ ਦੁਪੱਟਾ ਆ ਜਾਣ ਕਾਰਨ ਔਰਤ ਦੀ ਮੌਤ ਹੋ ਗਈ। ਇਹ ਔਰਤ ਆਪਣੇ ਪਤੀ ਨਾਲ ਮੋਟਰਸਾਈਕਲ ’ਤੇ ਦਵਾਈ ਲੈਣ ਜਾ ਰਹੀ ਸੀ।
ਜਾਣਕਾਰੀ ਮੁਤਾਬਕ ਢਾਣੀ ਚਿਰਾਗ ਵਾਸੀ ਭੁਪਿੰਦਰ ਸਿੰਘ ਅੱਜ ਆਪਣੀ ਪਤਨੀ ਅਮਰਜੀਤ ਕੌਰ ਨਾਲ ਦਵਾਈ ਲੈਣ ਲਈ ਮੋਟਰਸਾਈਕਲ ’ਤੇ ਪਿੰਡ ਕੱਟਿਆਂਵਾਲੀ ਬੋਦਲਾ ਜਾ ਰਹੇ ਸਨ। ਜਦ ਉਹ ਪਿੰਡ ਨਿਹਾਲਖੇੜਾ ਨੇੜੇ ਪੁੱਜੇ ਤਾਂ ਅਮਰਜੀਤ ਦਾ ਦੁੱਪਟਾ ਮੋਟਰਸਾਈਕਲ ਦੇ ਪਿਛਲੇ ਟਾਇਰ ਵਿੱਚ ਆ ਜਾਣ ਕਾਰਨ ਉਹ ਸੜਕ ’ਤੇ ਡਿੱਗ ਕੇ ਗੰਭੀਰ ਰੂਪ ਤੋਂ ਫੱਟੜ ਹੋ ਗਈ। ਆਲੇ-ਦੁਆਲੇ ਦੇ ਲੋਕਾਂ ਨੇ ਉਸ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਲਿਆਂਦਾ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਖੱਚਰ ਰੇਹੜੇ ਤੇ ਮੋਟਰਸਾਈਕਲ ਦੀ ਟੱਕਰ ’ਚ ਨੌਜਵਾਨ ਦੀ ਮੌਤ
ਬੁਢਲਾਡਾ (ਪੱਤਰ ਪ੍ਰੇਰਕ): ਇੱਥੇ ਅੱਜ ਸਵੇਰੇ ਸੜਕ ਹਾਦਸੇ ਵਿੱਚ ਨੌਜਵਾਨ ਦੀ ਮੌਕੇ ’ਤੇ ਮੌਤ ਹੋ ਗਈ। 34 ਸਾਲਾ ਅਖਿਲ ਗੋਇਲ ਸਵੇਰੇ ਆਪਣੇ ਘਰੋਂ ਮੋਟਰਸਾਈਕਲ ’ਤੇ ਭੀਖੀ ਰੋਡ ਵੱਲ ਜਾ ਰਿਹਾ ਸੀ। ਇਸੇ ਦੌਰਾਨ ਸਬਜੀ ਮੰਡੀਓਂ ਪਰਤ ਰਹੇ ਖੱਚਰ ਰੇਹੜੇ ਨਾਲ ਉਸ ਦੀ ਟੱਕਰ ਹੋ ਗਈ। ਉਸ ਦੀ ਮੌਕੇ ’ਤੇ ਮੌਤ ਹੋ ਗਈ। ਸਿਟੀ ਪੁਲੀਸ ਨੇ ਧਾਰਾ 174 ਅਧੀਨ ਕਾਰਵਾਈ ਕਰਦਿਆਂ ਨੌਜਵਾਨ ਦੀ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ।
ਸੜਕ ਹਾਦਸੇ ’ਚ ਨੌਜਵਾਲ ਹਲਾਕ
ਅਬੋਹਰ (ਪੱਤਰ ਪ੍ਰੇਰਕ): ਲੰਘੀ ਦੇਰ ਰਾਤ ਸ਼੍ਰੀਗੰਗਾਨਗਰ ਰੋਡ ’ਤੇ ਪਿੰਡ ਗੁੰਮਜਾਲ ਨੇੜੇ ਸੜਕ ਹਾਦਸੇ ਵਿੱਚ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ। ਖੂਈਆਂ ਸਰਵਰ ਪੁਲੀਸ ਨੇ ਪੋਸਟ ਮਾਰਟਮ ਲਈ ਮ੍ਰਿਤਕ ਦੇਹ ਨੂੰ ਸਰਕਾਰੀ ਹਸਪਤਾਲ ਦੇ ਮੁਰਦਾ ਘਰ ਵਿੱਚ ਰਖਵਾਇਆ ਹੈ। ਜਾਣਕਾਰੀ ਮੁਤਾਬਕ ਗੁੰਮਜਾਲ ਦੀ ਗਊਸ਼ਾਲਾ ਵਿੱਚ ਕੰਮ ਕਰਨ ਵਾਲਾ ਸਰਵੇਸ਼ (25) ਪੁੱਤਰ ਹਰਮੇਸ਼ ਲੰਘੀ ਦੇਰ ਰਾਘ ਗਉਸ਼ਾਲਾ ਤੋਂ ਕੰਮ ਖਤਮ ਕਰਕੇ ਆਪਣੇ ਘਰ ਜਾ ਰਿਹਾ ਸੀ। ਪਿੰਡ ਗੁੰਮਜਾਲ ਨੇੜੇ ਅਣਪਛਾਤੇ ਵਾਹਨ ਚਾਲਕ ਨੇ ਉਸ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਸ ਦੀ ਮੌਕੋ ’ਤੇ ਹੀ ਮੌਤ ਹੋ ਗਈ। ਖੂਈਆਂ ਸਰਵਰ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ।