ਹਰਮੇਸ਼ਪਾਲ ਨੀਲੇਵਾਲ
ਜ਼ੀਰਾ, 22 ਅਗਸਤ
ਪਿੰਡ ਮਨਸੂਰਵਾਲ ਕਲਾਂ ਵਿੱਚ ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ ਮਾਲਬਰੋਜ਼ ਸ਼ਰਾਬ ਫੈਕਟਰੀ ਦੇ ਮੁੱਖ ਗੇਟ ਅੱਗੇ ਜਾਰੀ ਧਰਨੇ ਦੀ ਕਮਾਨ ਅੱਜ ਮਹਿਲਾਵਾਂ ਨੇ ਸੰਭਾਲੀ। ਧਰਨੇ ਦੇ 29ਵੇਂ ਔਰਤਾਂ ਨੇ ਸਰਕਾਰ ਅਤੇ ਸ਼ਰਾਬ ਫੈਕਟਰੀ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਮਜ਼ਦੂਰ ਆਗੂ ਨੌਦੀਪ ਕੌਰ, ਅਦਾਕਾਰਾ ਅਤੇ ਵਾਤਾਵਰਨ ਪ੍ਰੇਮੀ ਪੰਮੀ ਸਿੱਧੂ ਚੰਡੀਗੜ੍ਹ, ਅਮਨਦੀਪ ਕੌਰ ਢੋਲੇਵਾਲ ਬਸੀ ਪਠਾਣਾਂ, ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਆਗੂ ਸੁਖਵਿੰਦਰ ਕੌਰ ਬਠਿੰਡਾ, ਹਰਪ੍ਰੀਤ ਜ਼ੀਰਾ ਤੇ ਬਲਜੀਤ ਕੌਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਮਾਲਬਰੋਜ਼ ਸ਼ਰਾਬ ਫੈਕਟਰੀ ਇਲਾਕੇ ਦੇ ਪੌਣ-ਪਾਣੀ ਨੂੰ ਪ੍ਰਦੂਸ਼ਿਤ ਕਰ ਰਹੀ ਹੈ ਅਤੇ ਕੈਂਸਰ ਤੇ ਕਾਲੇ ਪੀਲੀਏ ਸਮੇਤ ਕਈ ਭਿਆਨਕ ਬਿਮਾਰੀਆਂ ਫ਼ੈਲਾ ਰਹੀ ਹੈ। ਉਨ੍ਹਾਂ ਸ਼ਰਾਬ ਫੈਕਟਰੀ ਬੰਦ ਕਰਵਾਉਣ ਲਈ ਸਮੂਹ ਪੰਜਾਬ ਵਾਸੀਆਂ ਤੋਂ ਸਹਿਯੋਗ ਦੀ ਮੰਗ ਕੀਤੀ। ਧਰਨਾਕਾਰੀਆਂ ਨੇ ਦੋਸ਼ ਲਗਾਇਆ ਕਿ ਪ੍ਰਸ਼ਾਸਨਿਕ ਅਤੇ ਹੋਰ ਜਾਂਚ ਅਧਿਕਾਰੀ ਨਿਰਪੱਖ ਜਾਂਚ ਨਹੀਂ ਕਰ ਰਹੇ, ਜਿਸ ਕਰਕੇ ਉਨ੍ਹਾਂ ਨੂੰ ਧਰਨਾ ਲਾਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਸ਼ਰਾਬ ਫੈਕਟਰੀ ਬੰਦ ਕਰਵਾਉਣ ਲਈ ਜਲਦੀ ਕੋਈ ਠੋਸ ਕਦਮ ਨਾ ਚੁੱਕਿਆ ਤਾਂ ਸੰਘਰਸ਼ ਨੂੰ ਹੋਰ ਵੀ ਤੇਜ਼ ਕੀਤਾ ਜਾਵੇਗਾ। ਸਟੇਜ ਦੀ ਜ਼ਿੰਮੇਵਾਰੀ ਬੀਕੇਯੂ ਕ੍ਰਾਂਤੀਕਾਰੀ ਦੀ ਆਗੂ ਹਰਪ੍ਰੀਤ ਕੌਰ ਜ਼ੀਰਾ ਨੇ ਨਿਭਾਈ। ਧਰਨੇ ਨੂੰ ਪਰਮਜੀਤ ਕੌਰ ਮੁੱਦਕੀ, ਮਨਜੀਤ ਕੌਰ ਰਟੌਲ ਰੋਹੀ, ਬਲਜਿੰਦਰ ਕੌਰ ਮੁੱਦਕੀ, ਨਵਜੋਤ ਨੀਲੇਵਾਲਾ, ਭਰਪੂਰ ਕੌਰ, ਅਮਰਜੀਤ ਕੌਰ, ਡਾ. ਰਾਜਵਿੰਦਰ ਕੌਰ ਪਟਿਆਲਾ, ਅਮਨ ਕੌਰ ਤੇ ਰਾਣੀ ਮਾਹਲਾ ਨੇ ਸੰਬੋਧਨ ਕੀਤਾ।