ਪੱਤਰ ਪ੍ਰੇਰਕ
ਬਲੂਆਣਾ/ਅਬੋਹਰ, 17 ਅਕਤੂਬਰ
ਬੱਲੂਆਣਾ ਦੇ ਵਿਧਾਇਕ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਨੇ ਪਿੰਡ ਢੀਂਗਾਂ ਵਾਲੀ ਵਿਚ ਨਵੀਂ ਬਣਨ ਵਾਲੀ ਸੜਕ ਦਾ ਨੀਂਹ ਪੱਥਰ ਰੱਖਣ ਮੌਕੇ ਆਖਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ 7 ਮਹੀਨਿਆਂ ਵਿਚ 70 ਸਾਲਾਂ ਜਿੰਨਾ ਕੰਮ ਕਰਕੇ ਨਵਾਂ ਕੀਰਤੀਮਾਨ ਸਥਾਪਿਤ ਕੀਤਾ ਹੈ। ਵਿਧਾਇਕ ਨੇ ਕਿਹਾ ਕਿ 100 ਆਮ ਆਦਮੀ ਕਲੀਨਿਕ ਖੋਲ੍ਹੇ ਗਏ ਹਨ। ਕਾਲਜ ਅਧਿਆਪਕਾਂ ਲਈ ਨਵੇਂ ਵੇਤਨਮਾਨ ਲਾਗੂ ਕੀਤੇ ਗਏ ਹਨ ਅਤੇ 8000 ਤੋਂ ਵੱਧ ਕੱਚੇ ਅਧਿਆਪਕ ਪੱਕੇ ਕੀਤੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਇਸੇ ਤਰ੍ਹਾਂ ਅੱਗੇ ਵੀ ਲੋਕ ਪੱਖੀ ਫੈਸਲੇ ਕਰਕੇ ਲਾਗੂ ਕਰਦੀ ਰਹੇਗੀ।
‘ਜੇਕਰ ਕੰਮ ਬੋਲਦੈ ! ..ਤਾਂ ਇਸ਼ਤਿਹਾਰਬਾਜ਼ੀ ਰਾਹੀਂ ਬੋਲਣ ਦੀ ਕੀ ਲੋੜ’
ਬਰਨਾਲਾ (ਖੇਤਰੀ ਪ੍ਰਤੀਨਿਧ): ਇਨਕਲਾਬੀ ਕੇਂਦਰ ਪੰਜਾਬ ਦੇ ਸੂਬਾ ਪ੍ਰਧਾਨ ਨਰੈਣ ਦੱਤ ਤੇ ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ‘ਆਪ’ ਸਰਕਾਰ ਦੇ 7 ਮਹੀਨੇ ਪੂਰੇ ਹੋਣ ’ਤੇ ‘7 ਮਹੀਨੇ ਬਨਾਮ 70 ਸਾਲ’ ਤਹਿਤ ‘ਕੰਮ ਬੋਲਦਾ ਹੈ’ ਸੁਰਖ਼ੀ ਹੇਠ ਲੱਖਾਂ ਦੇ ਕਢਵਾਏ ਇਸ਼ਤਿਹਾਰਾਂ ਬਾਰੇ ਕਿਹਾ ਕਿ ਪੰਜਾਬ ਸਰਾਕਾਰ ਖਜ਼ਾਨੇ ’ਚੋਂ ਇਸ਼ਤਿਹਾਰਾਂ ’ਤੇ ਪੈਸੇ ਖਰਚ ਕੇ ਕੀ ਸਾਬਤ ਕਰਨਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਖਜ਼ਾਨੇ ਨੂੰ ਸੰਨ੍ਹ ਲਾ ਕੇ ਆਪਣੇ ਮੂੰਹ ਮੀਆਂ ਮਿੱਠੂ ਬਨਣ ਦਾ ਇਹ ਅਮਲ ਦਰਸਾਉਂਦਾ ਹੈ ਕਿ ਅਸਲ ‘ਚ ਲੋਕਾਂ ਦੇ ਬੁਨਿਆਦੀ ਮਸਲਿਆਂ ਦੇ ਹੱਲ ਲਈ ਇਸ ਸਰਕਾਰ ਕੋਲ ਵੀ ਅਕਾਲੀਆਂ-ਕਾਂਗਰਸੀਆਂ ਵਾਂਗ ਕੋਈ ਯੋਜਨਾ ਨਹੀਂ ਹੈ। ਉਨ੍ਹਾਂ ਲੋਕਾਂ ਨੂੰ ਸੱਦਾ ਦਿੱਤਾ ਕਿ ‘ਇਨਕਲਾਬ-ਜ਼ਿੰਦਾਬਾਦ’ ਦੇ ਫੋਕੇ ਨਾਅਰੇ ਮਾਰ ਕੇ ਖੇਖਣ ਕਰ ਰਹੀ ਭਗਵੰਤ ਮਾਨ ਸਰਕਾਰ ਖਿਲਾਫ਼ ਸੰਘਰਸ਼ ਲਾਮਬੰਦੀ ਤੇਜ਼ ਕਰਨ।