ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 19 ਜੁਲਾਈ
ਪਿੰਡ ਭੁੱਲਰ ਅਤੇ ਭੰਗਚੜ੍ਹੀ ਵਿੱਚ ਸੈਂਕੜੇ ਨਰੇਗਾ ਮਜ਼ਦੂਰਾਂ ਨੇ ਗਲਤ ਹਾਜ਼ਰੀਆਂ ਲਾਏ ਜਾਣ, ਕੰਮ ਨਾ ਦੇਣ ਅਤੇ ਕੰਮ ਦੇ ਪੈਸੇ ਨਾ ਦੇਣ ਦੀਆਂ ਪ੍ਰੇਸ਼ਾਨੀਆਂ ਨੂੰ ਲੈ ਕੇ ਡਿਪਟੀ ਕਮਿਸ਼ਨਰ ਦਫ਼ਤਰ ਮੂਹਰੇ ਰੋਸ ਮੁਜ਼ਾਹਰਾ ਕੀਤਾ। ਇਸ ਤੋਂ ਪਹਿਲਾਂ ਮੀਨਾਰ-ਏ-ਮੁਕਤਾ ਪਾਰਕ ਵਿੱਚ ਨਰੇਗਾ ਮਜ਼ਦੂਰਾਂ ਨੂੰ ਸੰਬੋਧਨ ਕਰਦਿਆਂ ਨਰੇਗਾ ਵਰਕਰਜ਼ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਕਾਲਾ ਸਿੰਘ ਭੁੱਲਰ, ਬਲਾਕ ਪ੍ਰਧਾਨ ਬਲਜਿੰਦਰ ਸਿੰਘ ਜਵਾਹਰੇਵਾਲਾ, ਜਸਪ੍ਰੀਤ ਕੌਰ ਭੁੱਲਰ, ਮੰਦਰ ਸਿੰਘ ਕੋਟਲੀ ਸੰਘਰ, ਗੁਰਪ੍ਰੀਤ ਸਿੰਘ ਮੁਕੰਦ ਸਿੰਘ ਵਾਲਾ, ਸਰੋਜ ਰਾਣੀ ਰੁਪਾਣਾ, ਮੰਦਰ ਸਿੰਘ ਭੰਗਚੜ੍ਹੀ ਤੇ ਮਨਜਿੰਦਰ ਕੌਰ ਸਣੇ ਹੋਰਾਂ ਨੇ ਦੱਸਿਆ ਕਿ ਭੰਗਚੜ੍ਹੀ ’ਚ ਕਰੀਬ 300 ਮਜ਼ਦੂਰ ਹਨ, ਜਿਨ੍ਹਾਂ ਨੇ ਕੰਮ ਤਾਂ ਕੀਤਾ ਹੈ ਪਰ ਉਨ੍ਹਾਂ ਦੀ ਮਜ਼ਦੂਰੀ ਖਾਤਿਆਂ ਵਿੱਚ ਨਹੀਂ ਪਾਈ ਗਈ। ਇਸੇ ਤਰ੍ਹਾਂ ਪਿੰਡ ਭੁੱਲਰ ਦੇ ਵਿਦੇਸ਼ ਵਿੱਚ ਬੈਠੇ ਇਕ ਵਿਅਕਤੀ ਦੀ ਹਾਜ਼ਰੀ ਕਥਿਤ ਤੌਰ ’ਤੇ ਨਰੇਗਾ ਵਿੱਚ ਲਾਈ ਜਾਂਦੀ ਹੈ ਜਦੋਂ ਕਿ 25 ਮਜ਼ਦੂਰਾਂ ਨੂੰ ਮਜ਼ਦੂਰੀ ਕਰਨ ਦੇ ਬਾਵਜੂਦ ਪੈਸੇ ਨਹੀਂ ਦਿੱਤੇ ਜਾ ਰਹੇ। ਉਨ੍ਹਾਂ ਕਿਹਾ ਕਿ ਮਜ਼ਦੂਰੀ ਨਾ ਮਿਲਣ ਕਾਰਨ ਉਨ੍ਹਾਂ ਗੁਜ਼ਾਰਾ ਕਰਨਾ ਔਖਾ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਮਨਗਰੇਗਾ ਦੇ ਕੰਮ ਉਤੇ ਹੀ ਨਿਰਭਰ ਕਰਦੇ ਹਨ, ਪਰ ਉਨ੍ਹਾਂ ਨੂੰ ਕੰਮ ਨਹੀਂ ਦਿੱਤਾ ਜਾਂਦਾ। ਇਸ ਤਹਿਤ ਨਰੇਗਾ ਮਜ਼ਦੂਰਾਂ ਨੇ ਮੁਜ਼ਾਹਰੇ ਦੌਰਾਨ ਏਡੀਸੀ ਨੂੰ ਮੰਗ ਪੱਤਰ ਦੇ ਕੇ ਮਾਮਲੇ ਦੀ ਪੜਤਾਲ ਮਗਰੋਂ ਕਾਰਵਾਈ ਦੀ ਮੰਗ ਕੀਤੀ। ਇਸ ਮੌਕੇ ਏਡੀਸੀ ਨੇ ਕਾਰਵਾਈ ਦਾ ਭਰੋਸਾ ਦਿੱਤਾ।