ਲਖਵੀਰ ਸਿੰਘ ਚੀਮਾ
ਟੱਲੇਵਾਲ, 24 ਅਪਰੈਲ
ਕੰਬਾਈਨ ਦੀ ਬੈਲਟ ਵਿੱਚ ਬਾਂਹ ਆਉਣ ਕਾਰਨ ਇਕ ਮਜ਼ਦੂਰ ਗੰਭੀਰ ਜ਼ਖ਼ਮੀ ਹੋ ਗਿਆ। ਉਸ ਨੂੰ ਇਲਾਜ ਲਈ ਪੀਜੀਆਈ ਚੰਡੀਗੜ੍ਹ ਦਾਖਲਾ ਕਰਵਾਉਣਾ ਪਿਆ ਹੈ। ਪਰਿਵਾਰ ਨੇ ਇਲਾਜ ਲਈ ਦਾਨੀ ਸੱਜਣਾਂ ਅੱਗੇ ਗੁਹਾਰ ਲਗਾਈ ਹੈ। ਸੱਦੋਵਾਲ ਦੇ ਸਰਪੰਚ ਪਰਮਿੰਦਰ ਸਿੰਘ ਨੇ ਦੱਸਿਆ ਕਿ ਗੁਰਮੇਲ ਸਿੰਘ (55) ਪੁੱਤਰ ਦਾਰਾ ਸਿੰਘ ਵਾਸੀ ਸੱਦੋਵਾਲ ਮਜ਼ਦੂਰੀ ਕਰਦਾ ਹੈ ਅਤੇ ਕੰਬਾਈਨ ਦਾ ਸੀਜ਼ਨ ਲਗਾ ਕੇ ਗੁਜ਼ਾਰਾ ਕਰਦਾ ਹੈ। ਇਸ ਵਾਰ ਵੀ ਕੰਬਾਈਨ ’ਤੇ ਕਣਕ ਦਾ ਸੀਜ਼ਨ ਲਗਾਉਣ ਲਈ ਨਵਾਂ ਸ਼ਹਿਰ ਵੱਲ ਗਿਆ ਹੋਇਆ ਸੀ ਜਿਥੇ ਉਸ ਦੀ ਬਾਂਹ ਕੰਬਾਈਨ ਦੀਆਂ ਬੈਲਟਾਂ ਵਿੱਚ ਆ ਗਈ। ਉਸ ਨੂੰ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਪੀਜੀਆਈ ਰੈਫਰ ਕੀਤਾ ਗਿਆ। ਇਲਾਜ ਦੌਰਾਨ ਉਸ ਦੀ ਬਾਂਹ ਕੱਟਣੀ ਪਈ। ਸਰਪੰਚ ਨੇ ਦੱਸਿਆ ਕਿ ਮਜ਼ਦੂਰ ਪਰਿਵਾਰ ਲੋੜਵੰਦ ਹੈ। ਉਨ੍ਹਾਂ ਵੱਲੋਂ ਪੰਜਾਬ ਸਰਕਾਰ ਤੇ ਦਾਨੀ ਸੱਜਣਾਂ ਨੂੰ ਪਰਿਵਾਰ ਦੀ ਮੱਦਦ ਕਰਨ ਦੀ ਅਪੀਲ ਕੀਤੀ ਗਈ ਹੈ।